ਫਿਰੋਜ਼ਪੁਰ 3 ਅਕਤੂਬਰ 2026 AJ DI Awaaj
Punjab Desk : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਡਰੋਨ ਦਿਖਾਇਆ ਜਾਵੇਗਾ| ਇਹ ਡਰੋਨ ਸ਼ੋਅ 04 ਅਕਤੂਬਰ ਨੂੰ ਮੇਰੀਟੋਰੀਅਸ ਸਕੂਲ, ਹਕੂਮਤ ਸਿੰਘ ਵਾਲਾ, ਫਿਰੋਜ਼ਪੁਰ ਵਿਖ਼ੇ ਹੋਵੇਗਾ |
ਇਸ ਸਬੰਧੀ ਜਾਣਕਾਰੀ ਦੇਂਦਿਆਂ ਹਲਕਾ ਫਿਰੋਜਪੁਰ ਦਿਹਾਤੀ ਦੇ ਵਿਧਾਇਕ ਸ੍ਰੀ ਰਜਨੀਸ਼ ਦਹੀਯਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਬੜੀ ਸ਼ਰਧਾ ਨਾਲ ਮਨਾਉਂਦਿਆਂ ਆਧੁਨਿਕ ਮਾਧਿਅਮ ਰਾਹੀਂ ਗੁਰੂ ਜੀ ਦੇ ਫਲਸਫੇ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਹ ਡਰੋਨ ਸ਼ੋਅ ਸ਼ਾਮ 6.00 ਵਜੇ ਤੋਂ ਲੈ ਕੇ 7.30 ਵਜੇ ਤੱਕ ਹੋਵੇਗਾ ਅਤੇ ਇਸ ਡਰੋਨ ਸ਼ੋਅ ਤੋਂ ਪਹਿਲਾਂ ਸਮਾਗਮ ਦੀ ਸ਼ੁਰੂਆਤ ਕੀਰਤਨ ਨਾਲ ਕੀਤੀ ਜਾਵੇਗੀ|
ਇਸ ਉਪਰੰਤ ਲਗਭਗ 500 ਡਰੋਨ ਇੱਕੋ ਸਮੇਂ ਅਸਮਾਨ ਵਿੱਚ ਉੱਡ ਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਬਾਣੀ ਅਤੇ ਮਹਾਨ ਸਿੱਖਿਆਵਾਂ ਉੱਤੇ ਅਧਾਰਿਤ ਆਕਰਸ਼ਕ ਪੇਸ਼ਕਾਰੀ ਦੇਣਗੇ। ਉਨ੍ਹਾਂ ਦੱਸਿਆ ਕਿ ਇਸ ਡਰੋਨ ਸ਼ੋਅ ਕਰਵਾਉਣ ਦਾ ਮੁੱਖ ਮੰਤਵ ਸੰਗਤਾਂ ਨੂੰ ਗੁਰੂ ਸਾਹਿਬ ਦੇ ਭਾਈਚਾਰਕ ਸਾਂਝ, ਸਮਾਨਤਾ ਅਤੇ ਮਨੁੱਖਤਾ ਦੀ ਭਲਾਈ ਦੇ ਸੰਦੇਸ਼ ਨਾਲ ਜੋੜਨਾ ਹੈ ।
ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਇਸ ਡਰੋਨ ਸ਼ੋਅ ਦਾ ਅਨੰਦ ਜ਼ਰੂਰ ਮਾਨਣ।

















