ਮੇਰਾ ਘਰ, ਮੇਰੇ ਨਾਮ ਤਹਿਤ ਪ੍ਰਾਪਰਟੀ ਕਾਰਡ ਵੰਡ ਸਮਾਰੋਹ ਕਰਵਾਇਆ

1

ਰੂਪਨਗਰ, 7 ਅਕਤੂਬਰ 2026 AJ DI Awaaj

Punjab Desk   : ਪਿੰਡ ਜਹਾਂਗੀਰ ਵਿਖੇ ‘ਮੇਰਾ ਘਰ, ਮੇਰੇ ਨਾਮ’ ਤਹਿਤ ਪ੍ਰਾਪਰਟੀ ਕਾਰਡ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਤਹਿਸੀਲਦਾਰ ਰੂਪਨਗਰ ਸ. ਸੁਰਿੰਦਰਪਾਲ ਸਿੰਘ ਪੰਨੂ, ਚੇਅਰਮੈਨ ਬਲਾਕ ਸੰਮਤੀ ਰੂਪਨਗਰ ਸ. ਮਲਕੀਤ ਸਿੰਘ ਭੰਗੂ ਅਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸ. ਪਰਮਿੰਦਰ ਸਿੰਘ ਬਾਲਾ ਵੱਲੋਂ ਪਿੰਡ ਜਹਾਂਗੀਰ ਦੇ 13 ਲਾਭਪਾਤਰੀਆਂ ਨੂੰ ਪ੍ਰਾਪਰਟੀ ਕਾਰਡ ਵੰਡੇ ਗਏ।

ਇਸ ਮੌਕੇ ਸੰਬੋਧਨ ਕਰਦਿਆਂ ਤਹਿਸੀਲਦਾਰ ਰੂਪਨਗਰ ਸ. ਸੁਰਿੰਦਰਪਾਲ ਸਿੰਘ ਪੰਨੂ ਨੇ ਕਿਹਾ ਕਿ ‘ਮੇਰਾ ਘਰ, ਮੇਰੇ ਨਾਮ’ ਤਹਿਤ ਲੋਕਾਂ ਨੂੰ ਉਨ੍ਹਾਂ ਦੇ ਰਿਹਾਇਸ਼ੀ ਮਕਾਨਾਂ ਨਾਲ ਸਬੰਧਤ ਮਲਕੀਅਤ ਦਾ ਅਧਿਕਾਰਤ ਦਸਤਾਵੇਜ਼ ਮੁਹੱਈਆ ਕਰਵਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਪ੍ਰਾਪਰਟੀ ਕਾਰਡ ਮਿਲਣ ਨਾਲ ਲੋਕਾਂ ਨੂੰ ਆਪਣੇ ਘਰ ਦੀ ਮਲਕੀਅਤ ਸਬੰਧੀ ਦਸਤਾਵੇਜ਼ੀ ਹੱਕ ਪ੍ਰਾਪਤ ਹੋਵੇਗਾ ਅਤੇ ਇਸ ਨਾਲ ਜਾਇਦਾਦ ਸਬੰਧੀ ਰਿਕਾਰਡ ਨੂੰ ਵੀ ਵਧੇਰੇ ਵਿਵਸਥਿਤ ਅਤੇ ਪਾਰਦਰਸ਼ੀ ਬਣਾਉਣ ਵਿੱਚ ਮਦਦ ਮਿਲੇਗੀ।

ਉਨ੍ਹਾਂ ਕਿਹਾ ਕਿ ਪ੍ਰਾਪਰਟੀ ਕਾਰਡ ਲੋਕਾਂ ਲਈ ਮਹੱਤਵਪੂਰਨ ਦਸਤਾਵੇਜ਼ ਹੈ, ਜਿਸ ਨਾਲ ਉਹ ਆਪਣੇ ਰਿਹਾਇਸ਼ੀ ਮਕਾਨ ਦੀ ਮਲਕੀਅਤ ਸਬੰਧੀ ਅਧਿਕਾਰਤ ਰਿਕਾਰਡ ਆਪਣੇ ਕੋਲ ਰੱਖ ਸਕਣਗੇ। ਇਸ ਉਪਰਾਲੇ ਦਾ ਉਦੇਸ਼ ਲੋਕਾਂ ਨੂੰ ਉਨ੍ਹਾਂ ਦੀ ਰਿਹਾਇਸ਼ੀ ਜਾਇਦਾਦ ਸਬੰਧੀ ਹੱਕਾਂ ਨੂੰ ਹੋਰ ਮਜ਼ਬੂਤ ਕਰਨਾ ਹੈ।

ਇਸ ਮੌਕੇ ਚੇਅਰਮੈਨ ਬਲਾਕ ਸੰਮਤੀ ਰੂਪਨਗਰ ਸ. ਮਲਕੀਤ ਸਿੰਘ ਭੰਗੂ ਅਤੇ ਬਲਾਕ ਪ੍ਰਧਾਨ ਸ. ਪਰਮਿੰਦਰ ਸਿੰਘ ਬਾਲਾ ਨੇ ਕਿਹਾ ਕਿ ਪ੍ਰਾਪਰਟੀ ਕਾਰਡ ਮਿਲਣ ਨਾਲ ਪਿੰਡ ਵਾਸੀਆਂ ਨੂੰ ਆਪਣੇ ਘਰਾਂ ਦੀ ਮਲਕੀਅਤ ਸਬੰਧੀ ਦਸਤਾਵੇਜ਼ੀ ਸਬੂਤ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਪਿੰਡ ਵਾਸੀਆਂ ਨੂੰ ਆਪਣੇ ਜਾਇਦਾਦੀ ਹੱਕਾਂ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਸਰਕਾਰੀ ਰਿਕਾਰਡ ਨੂੰ ਸੁਚਾਰੂ ਬਣਾਉਣ ਵਿੱਚ ਵੀ ਸਹਾਈ ਸਾਬਤ ਹੁੰਦੇ ਹਨ।

ਇਸ ਮੌਕੇ ਪਿੰਡ ਵਾਸੀਆਂ ਨੇ ਪ੍ਰਾਪਰਟੀ ਕਾਰਡ ਪ੍ਰਾਪਤ ਕਰਨ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਦਾ ਧੰਨਵਾਦ ਕੀਤਾ।