ਬਿਹਾਰ 10 Oct 2025 AJ DI Awaaj
National Desk : ਸਿਆਸਤ ‘ਚ ਅੱਜ ਵੱਡਾ ਉਲਟਫੇਰ ਹੋਣ ਜਾ ਰਿਹਾ ਹੈ। ਜਨਤਾ ਦਲ ਯੂਨਾਈਟਡ (ਜੇਡੀਯੂ) ਨੂੰ ਪੂਰਨੀਆ ਖੇਤਰ ‘ਚ ਭਾਰੀ ਝਟਕਾ ਲੱਗਣ ਵਾਲਾ ਹੈ, ਕਿਉਂਕਿ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਲੋਕ ਸਭਾ ਸਾਂਸਦ ਸੰਤੋਸ਼ ਕੁਸ਼ਵਾਹਾ ਅੱਜ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਵਿੱਚ ਸ਼ਾਮਲ ਹੋਣ ਜਾ ਰਹੇ ਹਨ।
ਮਿਲੀ ਜਾਣਕਾਰੀ ਮੁਤਾਬਕ, ਸੰਤੋਸ਼ ਕੁਸ਼ਵਾਹਾ ਅੱਜ ਦੁਪਹਿਰ ਇੱਕ ਵਜੇ ਜੇਡੀਯੂ ਤੋਂ ਅਸਤੀਫਾ ਦੇਣਗੇ ਅਤੇ ਆਪਣੇ ਸੈਂਕੜਿਆਂ ਸਮਰਥਕਾਂ ਨਾਲ ਦੁਪਹਿਰ ਤਿੰਨ ਵਜੇ ਪਟਨਾ ‘ਚ ਲਾਲੂ ਪ੍ਰਸਾਦ ਯਾਦਵ ਅਤੇ ਤੇਜਸਵੀ ਯਾਦਵ ਦੀ ਹਾਜ਼ਰੀ ਵਿੱਚ ਆਰ.ਜੇ.ਡੀ. ਦੀ ਮੈਂਬਰਸ਼ਿਪ ਲੈਣਗੇ।
ਕੁਸ਼ਵਾਹਾ ਦੇ ਨੇੜਲੇ ਸਰੋਤਾਂ ਮੁਤਾਬਕ, ਉਨ੍ਹਾਂ ਨੂੰ ਕਾਫੀ ਸਮੇਂ ਤੋਂ ਪਾਰਟੀ ‘ਚ ਉਹ ਆਦਰ ਨਹੀਂ ਮਿਲ ਰਿਹਾ ਸੀ ਜਿਸ ਦੇ ਉਹ ਹੱਕਦਾਰ ਸਨ। ਉਨ੍ਹਾਂ ਨੇ ਕਈ ਵਾਰ ਪਾਰਟੀ ਨੇਤ੍ਰਿਤਵ ਨੂੰ ਆਪਣੀਆਂ ਸ਼ਿਕਾਇਤਾਂ ਦੱਸੀਆਂ, ਪਰ ਕੋਈ ਸਕਾਰਾਤਮਕ ਜਵਾਬ ਨਹੀਂ ਮਿਲਿਆ।
ਕੁਸ਼ਵਾਹਾ ਦੇ ਇਸ ਕਦਮ ਨਾਲ ਸੀਮਾਂਚਲ ਖੇਤਰ ਦੀ ਸਿਆਸਤ ਵਿੱਚ ਗਰਮਾਹਟ ਆ ਗਈ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਆਰ.ਜੇ.ਡੀ. ‘ਚ ਜਾਣ ਨਾਲ ਖੇਤਰੀ ਰਾਜਨੀਤਿਕ ਸਮੀਕਰਨਾਂ ‘ਤੇ ਵੱਡਾ ਅਸਰ ਪਵੇਗਾ।
