ਚੇਅਰਮੈਨ ਰਮਨ ਬਹਿਲ ਅਤੇ ਉਨ੍ਹਾਂ ਦੀ ਧਰਮ-ਪਤਨੀ ਅਰਚਨਾ ਬਹਿਲ ਨੇ ਨਵ-ਜੰਮੇ ਬੱਚੇ ਨੂੰ ਸ਼ਗਨ ਪਾਇਆ

6

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਗੁਰਦਾਸਪੁਰ
ਚੇਅਰਮੈਨ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਪੁਰਾਣੇ ਹਸਪਤਾਲ ਗੁਰਦਾਸਪੁਰ `ਚ ਮੁੜ ਸ਼ੁਰੂ ਹੋਈਆਂ ਜੱਚਾ-ਬੱਚਾ ਸੇਵਾਵਾਂ
ਹੋਲੀ ਦੇ ਮੁਬਾਰਕ ਮੌਕੇ 10 ਸਾਲ ਬਾਅਦ ਮੁੜ ਪੁਰਾਣੇ ਹਸਪਤਾਲ ਗੁਰਦਾਸਪੁਰ `ਚ ਗੂੰਜੀਆਂ ਕਿਲਕਾਰੀਆਂ, ਬੱਚੇ ਨੇ ਜਨਮ ਲਿਆ

ਗੁਰਦਾਸਪੁਰ, 15 ਮਾਰਚ 2025 Aj Di Awaaj

ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਆਪਣੀਆਂ ਅਣਥੱਕ ਕੋਸ਼ਿਸ਼ਾਂ ਕਰਕੇ ਗੁਰਦਾਸਪੁਰ ਸ਼ਹਿਰ ਅੰਦਰ ਬੰਦ ਪਏ ਪੁਰਾਣੇ ਸਿਵਲ ਹਸਪਤਾਲ ਨੂੰ ਸਾਲ 2022 ਵਿੱਚ ਮੁੜ ਸ਼ੁਰੂ ਕਰਵਾ ਕੇ ਇਸ ਨੂੰ 30 ਬੈਡੱਡ ਅਰਬਨ ਕਮਿਊਨਿਟੀ ਹੈਲਥ ਸੈਂਟਰ ਦਾ ਦਰਜਾ ਦਿਵਾਇਆ ਸੀ। ਪੰਜਾਬ ਸਰਕਾਰ ਵੱਲੋਂ ਪੁਰਾਣੇ ਸਿਵਲ ਹਸਪਤਾਲ ਨੂੰ ਅਰਬਨ ਕਮਿਊਨਿਟੀ ਹੈਲਥ ਸੈਂਟਰ ਦਾ ਦਰਜਾ ਦੇਣ ਤੋਂ ਬਾਅਦ ਏਥੇ 24 ਘੰਟੇ ਐਮਰਜੈਂਸੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ।
ਇਸ ਤੋਂ ਬਾਅਦ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਇਹ ਕੋਸ਼ਿਸ਼ ਵੀ ਜਾਰੀ ਰੱਖੀ ਗਈ ਕਿ ਪੁਰਾਣੇ ਸਿਵਲ ਹਸਪਤਾਲ ਵਿੱਚ ਜੱਚਾ-ਬੱਚਾ ਸੇਵਾਵਾਂ ਵੀ ਦੁਬਾਰਾ ਸ਼ੁਰੂ ਹੋ ਜਾਣ। ਆਖਿਰ ਸ੍ਰੀ ਬਹਿਲ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਹੈ ਅਤੇ ਪੁਰਾਣੇ ਸਿਵਲ ਹਸਪਤਾਲ (ਹੁਣ ਅਰਬਨ ਕਮਿਊਨਿਟੀ ਹੈਲਥ ਸੈਂਟਰ, ਗੁਰਦਾਸਪੁਰ) ਵਿਖੇ ਜੱਚਾ-ਬੱਚਾ ਸੇਵਾਵਾਂ ਸ਼ੁਰੂ ਹੋ ਗਈਆਂ ਹਨ।

ਗੁਰਦਾਸਪੁਰ ਸ਼ਹਿਰ ਦੇ ਪੁਰਾਣੇ ਸਿਵਲ ਹਸਪਤਾਲ ਵਿੱਚ 10 ਸਾਲ ਬਾਅਦ ਬੀਤੀ ਸ਼ਾਮ ਹੋਲੀ ਦੇ ਮੁਬਾਰਕ ਮੌਕੇ ਇੱਕ ਵਾਰ ਫਿਰ ਨਵ-ਜੰਮੇ ਬੱਚੇ ਦੀਆਂ ਕਿਲਕਾਰੀਆਂ ਗੂੰਜੀਆਂ ਹਨ। ਪੁਰਾਣੇ ਸਿਵਲ ਹਸਪਤਾਲ ਵਿੱਚ ਮਾਹਿਰ ਡਾਕਟਰਾਂ ਦੀ ਦੇਖ-ਰੇਖ ਹੇਠ ਇੱਕ ਬਹੁਤ ਹੀ ਪਿਆਰੇ ਬੱਚੇ ਨੇ ਜਨਮ ਲਿਆ ਹੈ।
ਇਸ ਨਵ-ਜੰਮੇ ਬੱਚੇ ਨੂੰ ਦੇਖਣ ਅਤੇ ਜਚੇ-ਬੱਚੇ ਦੀ ਸਿਹਤ ਦਾ ਹਾਲ ਜਾਣਨ ਲਈ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਅਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਅਰਚਨਾ ਬਹਿਲ ਪੁਰਾਣੇ ਸਿਵਲ ਹਸਪਤਾਲ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਬੱਚੇ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਬੱਚੇ ਨੂੰ ਸ਼ਗਨ ਪਾਇਆ ਅਤੇ ਬੱਚੇ ਦੇ ਤੰਦਰੁਸਤ ਤੇ ਸੁਨਿਹਰੀ ਭਵਿੱਖ ਦੀ ਕਾਮਨਾ ਕੀਤੀ।

ਇਸ ਮੌਕੇ ਗੁਰਦਾਸਪੁਰ ਵਾਸੀਆਂ ਨਾਲ ਇਹ ਖ਼ੁਸ਼ਖ਼ਬਰੀ ਸਾਂਝੀ ਕਰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਪੁਰਾਣੇ ਸਿਵਲ ਹਸਪਤਾਲ ਵਿੱਚ ਜੱਚਾ-ਬੱਚਾ ਸੇਵਾਵਾਂ ਸ਼ੁਰੂ ਹੋਣ ਨਾਲ ਹੁਣ ਗਰਭਵਤੀ ਔਰਤਾਂ ਨੂੰ ਜਣੇਪੇ ਲਈ ਦੂਰ ਨਹੀਂ ਜਾਣਾ ਪਵੇਗਾ। ਸ੍ਰੀ ਬਹਿਲ ਨੇ ਕਿਹਾ ਕਿ ਸਾਲ 2016 ਵਿੱਚ ਜਦੋਂ ਅਕਾਲੀ-ਭਾਜਪਾ ਸਰਕਾਰ ਨੇ ਗੁਰਦਾਸਪੁਰ ਸ਼ਹਿਰ ਵਿੱਚੋਂ ਸਿਵਲ ਹਸਪਤਾਲ ਨੂੰ ਬੰਦ ਕਰਕੇ ਸ਼ਹਿਰੋਂ ਬਾਹਰ ਕੱਢ ਦਿੱਤਾ ਗਿਆ ਸੀ ਤਾਂ ਉਹ ਓਦੋਂ ਤੋਂ ਹੀ ਸ਼ਹਿਰ ਵਾਸੀ ਸਿਹਤ ਸਹੂਲਤਾਂ ਨੂੰ ਲੈ ਕੇ ਬਹੁਤ ਫ਼ਿਕਰਮੰਦ ਸਨ। ਐਮਰਜੈਂਸੀ ਦੀ ਹਾਲਤ ਵਿੱਚ ਸ਼ਹਿਰ ਵਿੱਚ ਕੋਈ ਮੈਡੀਕਲ ਸਹੂਲਤ ਨਾ ਹੋਣ ਕਾਰਨ ਲੋਕ ਵੱਡਾ ਸੰਤਾਪ ਹੰਢਾ ਰਹੇ ਸਨ। ਬਿਮਾਰਾਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਲਈ ਸ਼ਹਿਰੋਂ ਬਾਹਰ ਦੂਰ ਬੱਬਰੀ ਵਿਖੇ ਬਣੇ ਹਸਪਤਾਲ ਵਿੱਚ ਦਵਾਈ ਲੈਣ ਜਾਣਾ ਬਹੁਤ ਔਖਾ ਸੀ।
ਸ੍ਰੀ ਰਮਨ ਬਹਿਲ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀ ਪੁਰਾਣੇ ਹਸਪਤਾਲ ਨੂੰ ਮੁੜ ਸ਼ੁਰੂ ਕਰਨ ਦੀ ਮੰਗ ਨੂੰ ਲੈ ਕੇ ਓਨਾਂ ਨੇ ਆਪਣੇ ਸਾਥੀਆਂ ਨਾਲ ਕਈ ਵਾਰ ਧਰਨੇ ਪ੍ਰਦਰਸ਼ਨ ਵੀ ਕੀਤੇ ਸਨ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਓਨਾਂ ਨੇ ਗੁਰਦਾਸਪੁਰ ਵਾਸੀਆਂ ਨਾਲ ਪੁਰਾਣੇ ਹਸਪਤਾਲ ਨੂੰ ਮੁੜ ਸ਼ੁਰੂ ਕਰਨ ਦਾ ਵਾਅਦਾ ਵੀ ਕੀਤਾ ਸੀ ਅਤੇ ਸਰਕਾਰ ਬਣਨ ਤੋਂ ਬਾਅਦ ਦਸੰਬਰ 2022 ਵਿੱਚ ਉਨ੍ਹਾਂ ਨੇ ਪੁਰਾਣੇ ਸਿਵਲ ਹਸਪਤਾਲ ਨੂੰ ਮੁੜ ਸ਼ੁਰੂ ਕਰਵਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਹੁਣ ਇਸ ਹਸਪਤਾਲ ਵਿੱਚ ਜੱਚਾ-ਬੱਚਾ ਸੇਵਾਵਾਂ ਵੀ ਮੁੜ ਸ਼ੁਰੂ ਹੋ ਗਈਆਂ ਹਨ ਅਤੇ ਅੱਜ ਬੜੀ ਖ਼ੁਸ਼ੀ ਦੀ ਗੱਲ ਹੈ ਕਿ 10 ਸਾਲ ਬਾਅਦ ਇਸ ਹਸਪਤਾਲ ਵਿੱਚ ਫਿਰ ਕਿਲਕਾਰੀਆਂ ਗੂੰਜੀਆਂ ਹਨ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਪੁਰਾਣੇ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿਖੇ 32 ਕਰਮਚਾਰੀਆਂ ਅਤੇ ਮਾਹਿਰ ਡਾਕਟਰਾਂ ਦਾ ਸਟਾਫ ਤਾਇਨਾਤ ਕੀਤਾਾ ਗਿਆ ਹੈ।ਹੁਣ ਸ਼ਹਿਰ ਵਾਸੀਆਂ ਨੂੰ ਇੱਥੇ 24 ਘੰਟੇ ਮੈਡੀਕਲ ਸੇਵਾਵਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਲੋਕ ਸੇਵਾ ਹਮੇਸ਼ਾਂ ਉਨ੍ਹਾਂ ਦੀ ਤਰਜੀਹ ਰਹੀ ਹੈ ਅਤੇ ਗੁਰਦਾਸਪੁਰ ਦੇ ਪੁਰਾਣੇ ਸਿਵਲ ਹਸਪਤਾਲ ਵਿਖੇ ਜੱਚਾ-ਬੱਚਾ ਸੇਵਾਵਾਂ ਦੇ ਸ਼ੁਰੂ ਹੋਣ ਨਾਲ ਉਨ੍ਹਾਂ ਨੂੰ ਦਿਲੀ ਤਸੱਲੀ ਮਿਲੀ ਹੈ।

ਇਸੇ ਦੌਰਾਨ ਆਪਣੀ ਦਾਸਤਾਂ ਸਾਂਝੀ ਕਰਦੇ ਹੋਏ ਪ੍ਰਿਯਕਾਂ ਪਤਨੀ ਰਾਮਸਰੋਬਣ ਨਿਵਾਸੀ ਬੱਬਰੀ ਬਾਈਪਾਸ ਗੁਰਦਾਸਪੁਰ ਨੇ ਦੱਸਿਆ ਕਿ ਉਹ ਗਰਭਵਤੀ ਸੀ ਅਤੇ ਉਹ ਸਿਵਲ ਹਸਪਤਾਲ ਗੁਰਦਾਸਪੁਰ (ਬੱਬਰੀ) ਤੋਂ ਆਪਣਾ ਚੈਕਅਪ ਕਰਵਾ ਰਹੀ ਸੀ। ਉਸ ਨੂੰ ਅਚਾਨਕ ਦਰਦਾਂ ਲੱਗੀਆਂ ਅਤੇ ਉਸ ਨੂੰ ਅਰਬਨ ਸੀ.ਐਚ.ਸੀ ਗੁਰਦਾਸਪੁਰ ਦਾਖਿਲ ਹੋਣਾ ਪਿਆ। ਪਰ ਆਮ ਧਾਰਨਾ ਦੇ ਖਿਲਾਫ਼ ਉਸ ਲਈ ਇਹ ਹਸਪਤਾਲ ਭਾਗਾਂ ਵਾਲਾ ਸਿੱਧ ਹੋਇਆ ਹੈ ਜਿੱਥੇ ਉਸ ਨੂੰ ਪੁੱਤਰ ਦੀ ਦਾਤ ਮਿਲੀ ਹੈ। ਉਸ ਲਈ ਇਹ ਹਸਪਤਾਲ ਸਾਰੀ ਉਮਰ ਲਈ ਯਾਦਾਂ ਸੰਜੋਏ ਰੱਖੇਗਾ। ਉਸ ਨੇ ਦੱਸਿਆ ਕਿ ਉਹ ਪਹਿਲ੍ਹਾਂ ਡਰੀ ਹੋਈ ਸੀ ਪਰ ਉਸ ਨੂੰ ਇਸ ਥਾਂ ਤੇ ਆ ਕੇ ਬਹੁਤ ਸਤਿਕਾਰ ਅਤੇ ਦੇਖਭਾਲ ਮਿਲੀ। ਨਵੇਂ ਕੰਬਲ, ਨਵੀਆਂ ਚਾਦਰਾਂ ਤੇ ਸਟਾਫ ਵੱਲੋਂ ਬਹੁਤ ਵਧੀਆ ਦੇਖ-ਭਾਲ ਕੀਤੀ ਗਈ। ਉਸ ਨੂੰ ਸਾਰੀਆਂ ਦਵਾਈਆਂ ਹਸਪਤਾਲ ਦੇ ਅੰਦਰੋਂ ਬਿਲਕੁਲ ਮੁਫ਼ਤ ਮਿਲੀਆਂ ਅਤੇ ਉਸ ਦਾ ਇੱਥੇ ਕੋਈ ਖ਼ਰਚਾ ਨਹੀਂ ਹੋਇਆ। ਉਸ ਨੇ ਕਿਹਾ ਕਿ ਉਹ ਆਮ ਆਦਮੀ ਹੈ ਅਤੇ ਆਮ ਆਦਮੀ ਦੇ ਹਿੱਤਾ ਨੂੰ ਸਮਝਣ ਵਾਲੀ ਸਰਕਾਰ ਦੀ ਦਿੱਲੋਂ ਪ੍ਰਸ਼ਸਾ ਕਰਦੀ ਹੈ।
ਇਸ ਮੌਕੇ ਕਾਰਜਕਾਰੀ ਸਿਵਲ ਸਰਜਨ ਗੁਰਦਾਸਪੁਰ ਡਾ ਪ੍ਰਭਜੋਤ ਕਲਸੀ, ਡੀਐਮਸੀ ਡਾ ਰੋਮੀ ਰਾਜਾ ਅਤੇ ਐੱਸ.ਐੱਮ.ਓ. ਡਾ ਅਰਵਿੰਦ ਮਹਾਜਨ ਤੋਂ ਇਲਾਵਾ ਹੋਰ ਸਟਾਫ਼ ਵੀ ਹਾਜ਼ਰ ਸੀ।