ਨਰਮੇ ਦੀ ਫਸਲ ਨੂੰ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਉਣ ਲਈ ਵਿਸ਼ੇਸ਼ ਮੁਹਿੰਮ ਵਿਚ ਸਮੂਹ ਵਿਭਾਗਾਂ ਦੀ ਸ਼ਮੂਲੀਅਤ ਲਾਜ਼ਮੀ-ਵਧੀਕ ਡਿਪਟੀ ਕਮਿਸ਼ਨਰ

38

 

25 ਫਰਵਰੀ 2025  Aj Di Awaaj

ਮਾਨਸਾ, 25 ਫਰਵਰੀ:
ਸਾਉਣੀ ਸੀਜ਼ਨ 2025 ਦੌਰਾਨ ਨਰਮੇ ਦੀ ਫਸਲ ਨੂੰ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਉਣ ਦੇ ਮੰਤਵ ਤਹਿਤ ਜ਼ਿਲ੍ਹੇ ਦੇ ਸਮੂਹ ਵਿਭਾਗਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਰਮਲ ਓਸੇਪਚਨ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਉਣੀ ਸੀਜ਼ਨ 2025 ਦੌਰਾਨ ਨਰਮੇ ਦੀ ਫਸਲ ਨੂੰ ਚਿੱਟੀ ਮੱਖੀ/ ਮੱਛਰ ਦੇ ਹਮਲੇ ਤੋਂ ਬਚਾਉਣ ਲਈ ਨਰਮੇ ਵਾਲੇ ਇਲਾਕਿਆਂ ਵਿੱਚ ਜਿੰਨ੍ਹਾਂ ’ਤੇ ਚਿੱਟਾ ਮੱਛਰ ਪੱਲ ਰਿਹਾ ਹੈ ਉਨ੍ਹਾਂ ਨਦੀਨਾਂ ਨੂੰ ਨਸ਼ਟ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਣੀ ਹੈ ਜਿਸ ਵਿਚ ਵੱਖ ਵੱਖ ਵਿਭਾਗਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ।
ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਪਣੇ ਆਪਣੇ ਵਿਭਾਗਾਂ ਅੰਦਰ ਆਉਂਦੇ ਰਕਬੇ ਵਿੱਚ ਨਦੀਨਾਂ ਨੂੰ ਖਤਮ ਕਰਵਾਉਣ ਤਾਂ ਜੋ ਇਸ ਮੁਹਿੰਮ ਨੂੰ ਕਾਮਯਾਬ ਕਰਕੇ ਕਿਸਾਨਾਂ ਦੀ ਆਰਥਿਕ ਹਾਲਤ ਵਿੱਚ ਸੁਧਾਰ ਲਿਆਂਦਾ ਜਾ ਸਕੇ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ,  ਡਾ. ਹਰਪ੍ਰੀਤ ਪਾਲ ਕੌਰ ਨੇ ਦੱਸਿਆ ਕਿ ਇਹ ਨਦੀਨ ਜਿਵੇਂ ਕਿ ਪੁੱਠ ਕੰਡਾ, ਪੀਲੀ ਕੁੰਗੀ, ਗਾਜ਼ਰ ਘਾਹ, ਜੰਗਲੀ ਗੋਭੀ, ਲੇਹ, ਗਾਜ਼ਰ ਬੂਟੀ ਆਦਿ ਆਮ ਤੌਰ ’ਤੇ ਸੜਕਾਂ ਦੇ ਕਿਨਾਰੇ, ਨਹਿਰਾਂ, ਕੱਸੀਆਂ, ਡਰੇਨਾਂ ਦੇ ਕੰਢੇ, ਨਿੱਜੀ ਖੇਤਾਂ ਦੇ ਕੰਢਿਆ, ਪਿੰਡਾਂ ਦੀ ਪਹੀਆਂ ਅਤੇ ਖਾਲੀ ਪਈਆਂ ਥਾਵਾਂ ’ਤੇ ਹੀ ਪਾਏ ਜਾਂਦੇ ਹਨ। ਇਸ ਕਰਕੇ ਨਰਮੇ ਵਾਲੇ ਇਲਾਕਿਆਂ ਵਿੱਚ ਇਸ ਤਰ੍ਹਾਂ ਦੇ ਨਦੀਨਾਂ ਨੂੰ ਨਸ਼ਟ ਕਰਨਾ ਬਹੁਤ ਜਰੂਰੀ ਹੈ।
ਇਸ ਮੌਕੇ ਹਰਵਿੰਦਰ ਸਿੰਘ, ਬਲਾਕ ਖੇਤੀਬਾੜੀ ਅਫਸਰ, ਭੀਖੀ, ਜ਼ਸਲੀਨ ਕੌਰ ਧਾਲੀਵਾਲ, ਖੇਤੀਬਾੜੀ ਵਿਕਾਸ ਅਫ਼ਸਰ ਮਾਨਸਾ, ਚਮਨਦੀਪ ਸਿੰਘ, ਡਿਪਟੀ ਪੋਜੈਕਟ ਡਾਇਰੈਕਟਰ (ਆਤਮਾ) ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਕਰਮਚਾਰੀ ਮੋਜੂਦ ਸਨ।