ਰਾਕੇਸ਼ ਚੋਪੜਾ ਵੱਲੋਂ ‘ਵਿੰਗਜ਼ ਪ੍ਰੋਜੈਕਟ’ ਲਈ 1 ਲੱਖ ਰੁਪਏ ਦਾ ਯੋਗਦਾਨ

1

Hoshiarpur 23 Nov 2026 AJ DI Awaaj

Punjab Desk :   ਮਾਣਯੋਗ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਹੁਸ਼ਿਆਰਪੁਰ, ਸ਼੍ਰੀਮਤੀ ਆਸ਼ਿਕਾ ਜੈਨ, ਆਈ.ਏ.ਐਸ. ਜੀ ਦੀ ਅਗਵਾਈ ਹੇਠ ਰੈੱਡ ਕਰਾਸ ਸੁਸਾਇਟੀ ਵੱਲੋਂ ਸਪੈਸ਼ਲ ਬੱਚਿਆਂ ਨੂੰ ਆਤਮ-ਨਿਰਭਰ ਬਣਾਉਣ ਲਈ ‘ਵਿੰਗਜ਼ ਪ੍ਰੋਜੈਕਟ’ ਤਹਿਤ ਜ਼ਿਲ੍ਹੇ ਦੇ 06 ਵੱਖ-ਵੱਖ ਸਰਕਾਰੀ ਅਦਾਰਿਆਂ (ਸਰਕਾਰੀ ਕਾਲਜ, ਆਈ.ਟੀ.ਆਈ. ਕਾਲਜ, ਸਰਵਾਨੰਦ ਗਿਰੀ, ਟੋਪਚੀ, ਹਿਆਡਸ ਅਤੇ ਰੈੱਡ ਕਰਾਸ) ਵਿੱਚ ਕੰਟੀਨਾਂ ਚਲਾਈਆਂ ਜਾ ਰਹੀਆਂ ਹਨ, ਜਿੱਥੇ ਰੈੱਡ ਕਰਾਸ ਵੱਲੋਂ ਕੁੱਲ 12 ਸਪੈਸ਼ਲ ਬੱਚਿਆਂ ਨੂੰ ਰੁਜ਼ਗਾਰ ਦਿੱਤਾ ਗਿਆ ਹੈ।

ਸਕੱਤਰ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸ਼੍ਰੀ ਮੰਗੇਸ਼ ਸੂਦ ਜੀ ਨੇ ਦੱਸਿਆ ਕਿ ਸਮਾਜ ਸੇਵੀ ਸ਼੍ਰੀ ਰਾਕੇਸ਼ ਚੋਪੜਾ ਪੁੱਤਰ ਸ਼੍ਰੀ ਰਾਜਪਾਲ ਚੋਪੜਾ ਵਾਸੀ ਦੇਵ ਨਗਰ, ਬਹਾਦਰਪੁਰ, ਹੁਸ਼ਿਆਰਪੁਰ ਜੀ ਵੱਲੋਂ ਪਿਛਲੇ 2 ਸਾਲਾਂ ਦੌਰਾਨ ਲਗਾਤਾਰ ਹਰ ਸਾਲ 1,00,000/- ਰੁਪਏ ਦੀ ਵਿੱਤੀ ਸਹਾਇਤਾ ‘ਵਿੰਗਜ਼ ਪ੍ਰੋਜੈਕਟ’ ਲਈ ਦਿੱਤੀ ਜਾਂਦੀ ਰਹੀ ਹੈ ਅਤੇ ਇਸੇ ਲੜੀ ਦੀ ਲਗਾਤਾਰਤਾ  ਉਨ੍ਹਾਂ ਵੱਲੋਂ ਇਸ ਵਾਰ(ਤੀਜੀ ਵਾਰ )ਵੀ ਦਿਵਾਲੀ ਦੇ ਸ਼ੁਭ ਮੌਕੇ ’ਤੇ ਇਸ ਪ੍ਰੋਜੈਕਟ ਅਧੀਨ ਚੱਲ ਰਹੀਆਂ ਕੰਟੀਨਾਂ ਲਈ ਰਕਮ 1,00,000/- ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੁਆਰਾ ਦੱਸਿਆ ਗਿਆ ਕਿ ਵਿੰਗਜ ਪ੍ਰੋਜੈਕਟ ਅੰਦਰ ਚਲਾਈਆ ਜਾ ਰਹੀਆ ਵਿੱਚ ਇਨ੍ਹਾਂ ਸਪੈਸ਼ਲ ਬੱਚਿਆਂ ਦੀ ਸਹਾਇਤਾ ਲਈ ਹਰ ਇੱਕ ਕੰਟੀਨ ਵਿੱਚ ਇੱਕ-ਇੱਕ ਮਹਿਲਾ ਹੈਲਪਰ ਵੀ ਤਾਇਨਾਤ ਕੀਤੀ ਗਈ ਹੈ ਅਤੇ ਇੱਥੇ ਇਹ ਬੱਚੇ ਗਾਹਕਾਂ ਨੂੰ ਖਾਣ-ਪੀਣ ਦਾ ਸਾਮਾਨ ਪਰੋਸਣ ਅਤੇ ਕੰਟੀਨ ਦੀ ਸਾਂਭ-ਸੰਭਾਲ ਦੀਆਂ ਜ਼ਿੰਮੇਵਾਰੀਆਂ ਬੜੇ ਉਤਸ਼ਾਹ ਨਾਲ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਦਾਨ ਵਿੱਚ ਪ੍ਰਾਪਤ ਹੋਈ ਇਸ 1,00,000/- ਰੁਪਏ ਦੀ ਰਾਸ਼ੀ ਦੀ ਵਰਤੋਂ ਸਪੈਸ਼ਲ ਬੱਚਿਆਂ ਦੇ ਮਾਣਭੱਤੇ, ਵਰਦੀਆਂ, ਕੰਟੀਨਾਂ ਦੇ ਉਪਕਰਨਾਂ ਅਤੇ ਖਾਣ-ਪੀਣ ਦੇ ਸਾਮਾਨ ਦੀ ਖ਼ਰੀਦ ਲਈ ਕੀਤੀ ਜਾਵੇਗੀ।
ਸੰਯੁਕਤ ਸਕੱਤਰ, ਰੈੱਡ ਕਰਾਸ ਸ਼੍ਰੀ ਅਦਿੱਤਿਆ ਰਾਣਾ ਜੀ ਨੇ ਦੱਸਿਆ ਕਿ ਸ਼੍ਰੀ ਰਾਕੇਸ਼ ਚੋਪੜਾ ਜੀ ਲੰਬੇ ਸਮੇਂ ਤੋਂ ਰੈੱਡ ਕਰਾਸ ਨਾਲ ਜੁੜੇ ਹੋਏ ਹਨ। ਇਸ ਤੋਂ ਇਲਾਵਾ ਵੀ ਉਨ੍ਹਾਂ ਵੱਲੋਂ 15 ਅਗਸਤ ਮੌਕੇ ਵਿਧਵਾ ਔਰਤਾਂ ਨੂੰ ਸਿਲਾਈ ਮਸ਼ੀਨਾਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਟਰਾਈਸਾਈਕਲ ਦੇਣ ਲਈ 75,000/- ਰੁਪਏ ਅਤੇ ਹੜ੍ਹ ਪੀੜਤਾਂ ਦੀ ਮਦਦ ਲਈ 1,00,000/- ਰੁਪਏ ਦਾ ਯੋਗਦਾਨ ਦਿੱਤਾ ਜਾ ਚੁੱਕਾ ਹੈ।
ਸ਼੍ਰੀ ਮੰਗੇਸ਼ ਸੂਦ ਜੀ ਨੇ ਸ਼੍ਰੀ ਰਾਕੇਸ਼ ਚੋਪੜਾ ਜੀ ਦਾ ਧੰਨਵਾਦ ਕਰਦਿਆਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਤਿਉਹਾਰਾਂ ਅਤੇ ਖੁਸ਼ੀਆਂ ਦੇ ਮੌਕਿਆਂ ’ਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਹੁਸ਼ਿਆਰਪੁਰ ਦੇ ਇਨ੍ਹਾਂ ਲੋਕ-ਭਲਾਈ ਪ੍ਰੋਜੈਕਟਾਂ ਵਿੱਚ ਯੋਗਦਾਨ ਪਾਉਣ।