ਪਿੰਡ ਭਾਣਾ ਵਿਖੇ ਆਧੁਨਿਕ ਕ੍ਰਿਕਟ ਜਿਮ ਦਾ ਉਦਘਾਟਨ

3

ਕੋਟਕਪੂਰਾ, 18 ਨਵੰਬਰ 2026 AJ DI Awaaj

Punjab Desk :     ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਅੱਜ ਪਿੰਡ ਭਾਣਾ ਵਿਖੇ ਕ੍ਰਿਕਟ ਅਕੈਡਮੀ ਵਿੱਚ ਸਥਾਪਿਤ ਕੀਤੇ ਗਏ ਆਧੁਨਿਕ ਜਿਮ ਦਾ ਉਦਘਾਟਨ ਕੀਤਾ ਗਿਆ।

          ਇਸ ਮੌਕੇ ਸ. ਸੰਧਵਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਿੰਡ ਭਾਣਾ ਵਿਖੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਜਿਮ ਦੀ ਸਥਾਪਨਾ ਇੱਕ ਸ਼ਲਾਘਾਯੋਗ ਉਪਰਾਲਾ ਹੈ। ਇਹ ਜਿਮ ਵਿਸ਼ੇਸ਼ ਤੌਰ ‘ਤੇ ਕ੍ਰਿਕਟ ਦੀ ਸਿਖਲਾਈ ਪ੍ਰਾਪਤ ਕਰ ਰਹੇ ਨੌਜਵਾਨਾਂ ਅਤੇ ਖਿਡਾਰੀਆਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ, ਤਾਂ ਜੋ ਉਹ ਆਪਣੀ ਖੇਡ ਦੇ ਨਾਲ-ਨਾਲ ਸਰੀਰਕ ਤੰਦਰੁਸਤੀ ਅਤੇ ਸਮਰੱਥਾ ਵਿੱਚ ਵੀ ਸੁਧਾਰ ਕਰ ਸਕਣ।

          ਉਨ੍ਹਾਂ ਕਿਹਾ ਕਿ ਪਿੰਡ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਿਆ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ। ਅਜਿਹੀਆਂ ਸਹੂਲਤਾਂ ਨੌਜਵਾਨਾਂ ਨੂੰ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣ ਅਤੇ ਆਪਣੀ ਪ੍ਰਤਿਭਾ ਨੂੰ ਨਿਖਾਰਨ ਲਈ ਉਤਸ਼ਾਹਿਤ ਕਰਨਗੀਆਂ।

          ਉਨ੍ਹਾਂ ਕ੍ਰਿਕਟ ਅਕੈਡਮੀ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਨਾਲ ਲੈਸ ਇਹ ਅਕੈਡਮੀ ਨੌਜਵਾਨ ਖਿਡਾਰੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ। ਅਕੈਡਮੀ ਵਿਖੇ ਆਧੁਨਿਕ ਸਵਿਮਿੰਗ ਪੂਲ, ਹਾਈਟੈਕ ਜਿਮ ਅਤੇ ਖਿਡਾਰੀਆਂ ਦੀ ਸਿਖਲਾਈ ਤੇ ਤਿਆਰੀ ਲਈ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਸਹੂਲਤਾਂ ਨਾਲ ਪਿੰਡਾਂ ਦੇ ਖਿਡਾਰੀਆਂ ਨੂੰ ਵੀ ਅੰਤਰਰਾਸ਼ਟਰੀ ਪੱਧਰ ਦੀ ਸਿਖਲਾਈ ਪ੍ਰਾਪਤ ਕਰਨ ਅਤੇ ਆਪਣੀ ਖੇਡ ਪ੍ਰਤਿਭਾ ਨੂੰ ਨਿਖਾਰਨ ਦੇ ਮੌਕੇ ਮਿਲਣਗੇ।

ਇਸ ਮੌਕੇ ਚੇਅਰਮੈਨ ਸ੍ਰ: ਗੁਰਦੇਵ ਸਿੰਘ ਧਾਲੀਵਾਲ, ਮੈਨੇਜਿੰਗ ਡਾਇਰੈਕਟਰ ਸ੍ਰ: ਭਗਤ ਸਿੰਘ ਧਾਲੀਵਾਲ, ਪ੍ਰਿੰਸੀਪਲ ਸ੍ਰ. ਜਗਸੀਰ ਸਿੰਘ, ਸ੍ਰ ਅਨੰਤ ਸਿੰਘ ਬਰਾੜ ਐਮ.ਸੀ, ਸਰਪੰਚ ਸ੍ਰ: ਬਲਦੇਵ ਸਿੰਘ ਅਤੇ ਗ੍ਰਾਮ ਪੰਚਾਇਤ ਭਾਣਾ,ਕੋਚ ਜਸਕਰ , ਰਿਸ਼ੀ , ਦਿਸ਼ਾਂਤ , ਵਿਕਾਸ , ਖੁਸ਼ੀ ਮੈਡਮ , ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਰਕਰ ਵੀ ਹਾਜ਼ਰ ਸਨ।