ਅੰਮ੍ਰਿਤਸਰ, 10 ਨਵੰਬਰ 2026 AJ DI Awaaj
Punjab Desk : ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਲਗਾਏ ਗਏ ਭੰਗੂੜੇ ਵਿੱਚ ਇੱਕ ਵਾਰ ਫਿਰ ਨਵਜਾਤ ਬੱਚੀ ਦੀਆਂ ਕਿਲਕਾਰੀਆਂ ਗੂੰਜੀਆਂ ਹਨ। ਬੀਤੀ 5 ਨਵੰਬਰ ਨੂੰ ਭੰਗੂੜੇ ਵਿੱਚ ਇੱਕ ਨਵਜਾਤ ਬੱਚੀ ਆਈ ਹੈ, ਜਿਸ ਨਾਲ ਭੰਗੂੜੇ ਰਾਹੀਂ ਹੁਣ ਤੱਕ ਆਏ ਬੱਚਿਆਂ ਦੀ ਗਿਣਤੀ 198 ਹੋ ਗਈ ਹੈ। ਬੱਚੀ ਦੀ ਸੁਰੱਖਿਆ ਅਤੇ ਸਿਹਤ ਨੂੰ ਮੁੱਖ ਰੱਖਦਿਆਂ ਰੈੱਡ ਕਰਾਸ ਸੁਸਾਇਟੀ ਵੱਲੋਂ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਰੈੱਡ ਕਰਾਸ ਸੁਸਾਇਟੀ, ਅੰਮ੍ਰਿਤਸਰ ਸ੍ਰੀ ਦਲਵਿੰਦਰਜੀਤ ਸਿੰਘ, ਆਈ.ਏ.ਐੱਸ. ਦੀ ਅਗਵਾਈ ਹੇਠ ਪਰਵਤੀ ਦੇਵੀ ਹਸਪਤਾਲ ਵਿਖੇ ਉਸ ਦਾ ਇਲਾਜ ਅਤੇ ਲੋੜੀਂਦੀ ਡਾਕਟਰੀ ਦੇਖਭਾਲ ਕਰਵਾਈ ਗਈ। ਡਾਕਟਰੀ ਜਾਂਚ ਉਪਰੰਤ ਬੱਚੀ ਪੂਰੀ ਤਰ੍ਹਾਂ ਤੰਦਰੁਸਤ ਪਾਈ ਗਈ।
ਬੱਚੀ ਦੀ ਸਿਹਤਯਾਬੀ ਅਤੇ ਸੁਰੱਖਿਅਤ ਸੰਭਾਲ ਲਈ ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਪਰਵਤੀ ਦੇਵੀ ਹਸਪਤਾਲ ਦੇ ਸਟਾਫ ਵੱਲੋਂ ਨਿਭਾਈ ਗਈ ਸੇਵਾ ਦੀ ਸ਼ਲਾਘਾ ਕੀਤੀ। ਚਾਈਲਡ ਪ੍ਰੋਟੈਕਸ਼ਨ ਕਮੇਟੀ ਵੱਲੋਂ ਬੱਚੀ ਦਾ ਨਾਮ ਸੀਤਾ ਰੱਖਿਆ ਗਿਆ ਹੈ।
ਬੱਚੀ ਨੂੰ ਬਿਹਤਰ ਦੇਖਭਾਲ, ਸੁਰੱਖਿਆ ਅਤੇ ਉੱਜਵਲ ਭਵਿੱਖ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਵਾਮੀ ਗੰਗਾ ਨੰਦ ਭੂਰੀ ਵਾਲੇ ਫਾਊਂਡੇਸ਼ਨ ਧਾਮ, ਪਿੰਡ ਤਲਵੰਡੀ ਖੁਰਦ, ਲੁਧਿਆਣਾ ਵਿਖੇ ਭੇਜਿਆ ਗਿਆ ਹੈ। ਇਸ ਮੌਕੇ ਸ਼੍ਰੀਮਤੀ ਹਰਪ੍ਰੀਤ ਕੌਰ, ਲੇਡੀ ਪ੍ਰਧਾਨ, ਰੈੱਡ ਕਰਾਸ ਸੁਸਾਇਟੀ ਅਤੇ ਸ਼੍ਰੀਮਤੀ ਪਲਵੀ ਮਿਸ਼ਰਾ, ਆਈ.ਏ.ਐੱਸ., ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਸੀਨੀਅਰ ਉਪ ਪ੍ਰਧਾਨ, ਰੈੱਡ ਕਰਾਸ ਸੁਸਾਇਟੀ ਵੱਲੋਂ ਬੱਚੀ ਦੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਸਥਾਪਤ ਭੰਗੂੜੇ ਰਾਹੀਂ ਹੁਣ ਤੱਕ 198 ਬੱਚਿਆਂ ਨੂੰ ਸੁਰੱਖਿਆ ਅਤੇ ਸੰਭਾਲ ਪ੍ਰਦਾਨ ਕਰਨ ਦੇ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦਾ ਮੁੱਖ ਉਦੇਸ਼ ਹਰ ਬੱਚੇ ਦੀ ਜਾਨ ਦੀ ਰੱਖਿਆ ਕਰਨਾ ਅਤੇ ਉਸ ਨੂੰ ਸੁਰੱਖਿਅਤ ਮਾਹੌਲ ਅਤੇ ਬਿਹਤਰ ਭਵਿੱਖ ਦੇ ਮੌਕੇ ਪ੍ਰਦਾਨ ਕਰਨਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਅਣਸੁਖਾਵੀਂ ਸਥਿਤੀ ਵਿੱਚ ਨਵਜਾਤ ਬੱਚਿਆਂ ਨੂੰ ਲਾਵਾਰਸ ਛੱਡਣ ਦੀ ਬਜਾਏ ਭੰਗੂੜੇ ਵਿੱਚ ਛੱਡਿਆ ਜਾਵੇ, ਤਾਂ ਜੋ ਉਨ੍ਹਾਂ ਦੀ ਜਾਨ ਅਤੇ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
ਇਸ ਮੌਕੇ ਸ੍ਰੀ ਸੈਮਸਨ ਮਸੀਹ, ਕਾਰਜਕਾਰੀ ਸਕੱਤਰ, ਰੈੱਡ ਕਰਾਸ ਸੁਸਾਇਟੀ, ਅੰਮ੍ਰਿਤਸਰ ਨੇ ਵੀ ਬੱਚੀ ਦੀ ਸਿਹਤ ਅਤੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ C.A.R.A. ਰਾਹੀਂ ਬੱਚੀ ਦੀ ਦੇਖਭਾਲ ਅਤੇ ਗੋਦ ਲੈਣ ਦੀ ਪ੍ਰਕਿਰਿਆ ਸਬੰਧੀ ਅਗਲੀ ਕਾਰਵਾਈ ਨਿਯਮਾਂ ਅਨੁਸਾਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੱਚੀ ਦੀ ਸੁਰੱਖਿਆ ਅਤੇ ਬਿਹਤਰ ਭਵਿੱਖ ਨੂੰ ਯਕੀਨੀ ਬਣਾਉਣ ਲਈ ਰੈੱਡ ਕਰਾਸ ਸੁਸਾਇਟੀ ਵੱਲੋਂ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ।



















