ਅਗਨੀਵੀਰ ਆਰਮੀ ਭਰਤੀ ਲਈ ਫ਼ਿਜ਼ੀਕਲ ਦੀ ਮੁਫ਼ਤ ਤਿਆਰੀ ਲਈ ਕੈਂਪ

2

ਤਰਨ ਤਾਰਨ, 2 ਨਵੰਬਰ 2026 AJ DI Awaaj

Punjab Desk :       ਸੀ-ਪਾਈਟ ਕੈਂਪ, ਪੱਟੀ (ਤਰਨ ਤਾਰਨ) ਦੇ ਕੈਂਪ ਟ੍ਰੇਨਿੰਗ ਅਫ਼ਸਰ ਕੈਪਟਨ (ਸੇਵਾਮੁਕਤ) ਗੁਰਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਨ੍ਹਾਂ ਯੁਵਕਾਂ ਨੇ ਜੂਨ 2026 ਵਿੱਚ ਅਗਨੀਵੀਰ ਜੀ.ਡੀ, ਕਲਰਕ, ਟੈਕਨੀਕਲ ਅਤੇ ਟ੍ਰੇਡਮੈਨ ਦੀ ਲਿਖਤੀ ਪ੍ਰੀਖਿਆ ਦਿੱਤੀ ਸੀ, ਉਸ ਦਾ ਨਤੀਜਾ ਆਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਤਰਨ ਤਾਰਨ ਜ਼ਿਲ੍ਹੇ ਦੇ ਜਿਹੜੇ ਯੁਵਕ ਲਿਖਤੀ ਪੇਪਰ ਵਿੱਚੋਂ ਪਾਸ ਹੋ ਗਏ ਹਨ, ਉਨ੍ਹਾਂ ਯੁਵਕਾਂ ਦੀ ਫ਼ਿਜ਼ੀਕਲ ਟੈਸਟ ਦੀ ਤਿਆਰੀ ਸੀ-ਪਾਈਟ ਕੈਂਪ, ਪੱਟੀ ਵਿਖੇ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਫ਼ਿਜ਼ੀਕਲ ਟੈਸਟ ਦੀ ਟ੍ਰੇਨਿੰਗ ਤਜ਼ਰਬੇਕਾਰ ਸਟਾਫ਼ ਵੱਲੋਂ ਕਰਵਾਈ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਅਗਨੀਵੀਰ ਆਰਮੀ ਭਰਤੀ ਰੈਲੀ ਮਿਤੀ 19 ਨਵੰਬਰ, 2026 ਤੋਂ ਸ਼ੁਰੂ ਹੋ ਰਹੀ ਹੈ। ਇਸ ਲਈ ਨੌਜਵਾਨ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਉਠਾਉਣ ਅਤੇ ਜਲਦੀ ਤੋਂ ਜਲਦੀ ਸੀ-ਪਾਈਟ ਕੈਂਪ, ਪੱਟੀ ਵਿਖੇ ਰਿਪੋਰਟ ਕਰਨ। ਉਨ੍ਹਾਂ ਕਿਹਾ ਕਿ ਯੁਵਕ ਸਵੇਰੇ 9:00 ਵਜੇ ਤੋਂ 11:30 ਵਜ਼ੇ ਤੱਕ ਕੈਂਪ ਵਿੱਚ ਪਹੁੰਚ ਕੇ ਦਾਖ਼ਲਾ ਕਰਵਾ ਸਕਦੇ ਹਨ।

ਉਨ੍ਹਾਂ ਕਿਹਾ ਕਿ ਕੈਂਪ ਵਿੱਚ ਆਉਣ ਸਮੇਂ ਯੁਵਕ  ਆਨ ਲਾਈਨ ਰਜਿਸਟ੍ਰੇਸ਼ਨ ਦੀ ਇਕ ਕਾਪੀ, ਦਸਵੀਂ ਦਾ ਅਸਲ ਸਰਟੀਫਿਕੇਟ, ਦਸਵੀਂ ਦੇ ਸਰਟੀਫਿਕੇਟ ਦੀ ਫੋਟੋ ਕਾਪੀ, ਪੰਜਾਬ ਰੈਜੀਡੈਂਸ ਦੀ ਫੋਟੋ ਕਾਪੀ, ਜਾਤੀ ਦੇ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ, ਆਧਾਰ ਕਾਰਡ ਦੀ ਫੋਟੋ ਕਾਪੀ, ਬੈਂਕ ਖ਼ਾਤੇ ਦੀ ਫੋਟੋ  ਕਾਪੀ (ਖ਼ਾਤਾ ਚਾਲੂ ਹਾਲਤ ਵਿੱਚ ਹੋਵੇ), ਇਕ ਪਾਸਪੋਰਟ ਸਾਈਜ਼ ਦੀ ਫੋਟੋ, ਕਾਪੀ-ਪੈੱਨ, ਖਾਣਾ ਖਾਣ ਲਈ ਬਰਤਨ, ਰਹਿਣ ਲਈ ਬਿਸਤਰਾ ਆਦਿ ਨਾਲ ਲੈ ਕੇ ਆਉਣ।

ਯੁਵਕ ਦੀ ਛਾਤੀ ਬਿਨਾਂ ਫੁਲਾ ਕੇ 77 ਸੈਂਟੀਮੀਟਰ ਤੇ ਫੁਲਾ ਕੇ 82 ਸੈਂਟੀਮੀਟਰ ਅਤੇ ਕੱਦ 5 ਫੁੱਟ 7 ਇੰਚ ਹੋਵੇ। ਕੈਂਪ ਵਿੱਚ ਰਹਿਣ ਸਮੇਂ ਖਾਣਾ ਅਤੇ ਰਿਹਾਇਸ਼ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ ਅਤੇ ਫਿਜ਼ੀਕਲ ਦੀ ਤਿਆਰੀ ਦੀ ਕੋਈ ਵੀ ਫੀਸ ਨਹੀਂ ਲਈ ਜਾਵੇਗੀ ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ  94647-56808 ਅਤੇ  98722-01536 ‘ਤੇ ਸੰਪਰਕ ਕੀਤਾ ਜਾ ਸਕਦਾ ਹੈ ।