ਪਰਾਲੀ ਨੂੰ ਅੱਗ ਨਹੀਂ, ਵਾਤਾਵਰਣ ਨੂੰ ਸੁਰੱਖਿਆ ਦਿਓ; ਮਾਲੇਰਕੋਟਲਾ ਪੁਲਿਸ

4

ਮਾਲੇਰਕੋਟਲਾ, 2 ਨਵੰਬਰ 2026 AJ DI Awaaj

Punjab Desk :    ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਰੋਕਣ ਅਤੇ ਵਾਤਾਵਰਣ ਦੀ ਸੰਭਾਲ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਐਸ.ਐਸ.ਪੀ. ਹਰਕਮਲ ਪ੍ਰੀਤ ਸਿੰਘ ਖੱਖ ਦੀ ਅਗਵਾਈ ਹੇਠ ਮਾਲੇਰਕੋਟਲਾ ਪੁਲਿਸ ਵੱਲੋਂ ਪਿੰਡ-ਪਿੰਡ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਪੁਲਿਸ ਟੀਮਾਂ ਕਿਸਾਨਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਪ੍ਰੇਰਿਤ ਕਰ ਰਹੀਆਂ ਹਨ।

ਐਸ.ਐਸ.ਪੀ. ਨੇ ਕਿਹਾ ਕਿ ਖੇਤਾਂ ਵਿੱਚ ਲੱਗੀ ਇੱਕ ਚੰਗਿਆੜੀ ਸਿਰਫ਼ ਪਰਾਲੀ ਨੂੰ ਹੀ ਨਹੀਂ ਸਾੜਦੀ, ਸਗੋਂ ਸਾਡੀ ਸਾਂਝੀ ਹਵਾ, ਮਿੱਟੀ ਦੀ ਉਪਜਾਊ ਸ਼ਕਤੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਸਾੜਨ ਦੀ ਬਜਾਏ ਵਾਤਾਵਰਣ ਪੱਖੀ ਤਕਨੀਕਾਂ ਅਪਣਾਉਣ।

ਉਨ੍ਹਾਂ ਸਪੱਸ਼ਟ ਕੀਤਾ ਕਿ ਪਰਾਲੀ ਸਾੜਨ ਸਬੰਧੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਜਿਹੀਆਂ ਘਟਨਾਵਾਂ ਦੀ ਤੁਰੰਤ ਸੂਚਨਾ ਅਤੇ ਕਾਰਵਾਈ ਲਈ ਪੁਲਿਸ ਦੇ ਐਮਰਜੈਂਸੀ ਰਿਸਪਾਂਸ ਵਾਹਨ (ਈ.ਆਰ.ਵੀ.) ਤਿਆਰ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਕਿਸੇ ਵੀ ਘਟਨਾ ਦੀ ਸੂਚਨਾ 112 ਜਾਂ ਪੁਲਿਸ ਕੰਟਰੋਲ ਰੂਮ ਦੇ ਨੰਬਰ 91155-87100 ਅਤੇ 91155-87200 ’ਤੇ ਦਿੱਤੀ ਜਾ ਸਕਦੀ ਹੈ।

ਇਸ ਤੋਂ ਇਲਾਵਾ ਡੀ.ਐਸ.ਪੀ. ਮਾਲੇਰਕੋਟਲਾ 98785-43344, ਐਸ.ਐਚ.ਓ. ਸੰਦੌੜ 91155-18106, ਡੀ.ਐਸ.ਪੀ. ਅਮਰਗੜ੍ਹ 91155-18013, ਐਸ.ਐਚ.ਓ. ਅਮਰਗੜ੍ਹ 91155-18105, ਡੀ.ਐਸ.ਪੀ. ਅਹਿਮਦਗੜ੍ਹ 91155-18011 ਅਤੇ ਐਸ.ਐਚ.ਓ. ਸਦਰ ਅਹਿਮਦਗੜ੍ਹ 91155-18104 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਸਾਫ਼ ਹਵਾ ਕਿਸੇ ਇੱਕ ਦੀ ਨਹੀਂ, ਸਾਰਿਆਂ ਦੀ ਅਮਾਨਤ ਹੈ। ਕਿਸਾਨਾਂ ਅਤੇ ਪੁਲਿਸ ਦੇ ਸਾਂਝੇ ਯਤਨਾਂ ਨਾਲ ਹੀ ਸਿਹਤਮੰਦ, ਹਰਿਆ-ਭਰਿਆ ਅਤੇ ਪਰਾਲੀ ਸਾੜਨ ਤੋਂ ਮੁਕਤ ਮਾਲੇਰਕੋਟਲਾ ਬਣਾਇਆ ਜਾ ਸਕਦਾ ਹੈ।