ਸ੍ਰੀ ਮੁਕਤਸਰ ਸਾਹਿਬ, 27 ਅਕਤੂਬਰ 2026 AJ DI Awaaj
Punjab Desk : (ਗੁਰਮੀਤ ਵਰਮਾ)- ਵਿਕਾਸ ਦੇ ਨਾਮ ’ਤੇ ਸ੍ਰੀ ਮੁਕਤਸਰ ਸਾਹਿਬ ਦੀਆਂ ਪੁੱਟੀਆਂ ਹੋਈਆਂ ਸੜਕਾਂ ਹੁਣ ਲੋਕਾਂ ਲਈ ਸਹੂਲਤ ਦੀ ਬਜਾਏ ਵੱਡੀ ਮੁਸੀਬਤ ਬਣਦੀਆਂ ਜਾ ਰਹੀਆਂ ਹਨ। ਤਿਉਹਾਰੀ ਸੀਜ਼ਨ ਦੌਰਾਨ ਜਿੱਥੇ ਦੁਕਾਨਦਾਰ ਗਾਹਕਾਂ ਦੀ ਉਡੀਕ ਕਰ ਰਹੇ ਹਨ, ਉੱਥੇ ਸੜਕਾਂ ਦੀ ਬਦਤਰ ਹਾਲਤ ਅਤੇ ਕਿਲੋਮੀਟਰਾਂ ਤੱਕ ਲੱਗਦੇ ਟਰੈਫਿਕ ਜਾਮ ਨੇ ਆਮ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ।
ਕਾਂਗਰਸ ਪਾਰਟੀ ਦੇ ਸੀਨੀਅਰ ਨੌਜਵਾਨ ਆਗੂ ਧਰਮਜੀਤ ਸਿੰਘ ਬੋਨੀ ਬੇਦੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਬੰਧਤ ਠੇਕੇਦਾਰਾਂ ਦੀ ਕਾਰਗੁਜ਼ਾਰੀ ਅਤੇ ਪ੍ਰਸ਼ਾਸਨ ਦੀ ਕਥਿਤ ਲਾਪਰਵਾਹੀ ’ਤੇ ਤਿੱਖੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਸੜਕਾਂ ਨੂੰ ਟੇਢੇ-ਮੇਢੇ ਢੰਗ ਨਾਲ ਪੁੱਟ ਕੇ ਛੱਡ ਦੇਣਾ ਕਿਹੋ ਜਿਹਾ ਵਿਕਾਸ ਹੈ? ਜੇਕਰ ਵਿਕਾਸ ਕਾਰਜਾਂ ਦੀ ਯੋਜਨਾਬੰਦੀ ਹੀ ਠੀਕ ਨਹੀਂ, ਤਾਂ ਇਸ ਦੀ ਕੀਮਤ ਆਮ ਲੋਕ ਅਤੇ ਵਪਾਰੀ ਕਿਉਂ ਚੁਕਾਉਣ?
ਬੋਨੀ ਬੇਦੀ ਨੇ ਕਿਹਾ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਦੁਕਾਨਦਾਰਾਂ ਨੂੰ ਚੰਗੇ ਕਾਰੋਬਾਰ ਦੀ ਆਸ ਹੁੰਦੀ ਹੈ, ਪਰ ਸੜਕਾਂ ਦੀ ਖੁਦਾਈ ਕਾਰਨ ਗਾਹਕ ਬਾਜ਼ਾਰਾਂ ਤੱਕ ਪਹੁੰਚਣ ਤੋਂ ਵੀ ਕਤਰਾਉਂਦੇ ਹਨ। ਉਨ੍ਹਾਂ ਕਿਹਾ ਕਿ ਟਰੈਫਿਕ ਪੁਲਿਸ ਦੇ ਮੁਲਾਜ਼ਮ ਆਪਣੀ ਡਿਊਟੀ ਨਿਭਾਉਣ ਦੇ ਬਾਵਜੂਦ ਜਾਮ ਨੂੰ ਕਾਬੂ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸੜਕਾਂ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ’ਤੇ ਮੁਕੰਮਲ ਕੀਤਾ ਜਾਵੇ ਅਤੇ ਜ਼ਿੰਮੇਵਾਰ ਅਧਿਕਾਰੀਆਂ ਤੇ ਠੇਕੇਦਾਰਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ।
ਕੈਪਸ਼ਨ: ਸੀਨੀਅਰ ਕਾਂਗਰਸੀ ਨੌਜਵਾਨ ਆਗੂ ਧਰਮਜੀਤ ਸਿੰਘ ਬੋਨੀ ਬੇਦੀ ਤੇ ਲੱਗਿਆ ਹੋਇਆ ਜਾਮ।



















