ਅਗਨੀਵੀਰ ਆਰਮੀ ਭਰਤੀ ਲਈ ਫਿਜ਼ੀਕਲ ਦੀ ਮੁਫ਼ਤ ਤਿਆਰੀ ਲਈ ਕੈਂਪ

5

ਸ੍ਰੀ ਮੁਕਤਸਰ ਸਾਹਿਬ, 24 ਅਕਤੂਬਰ 2026 AJ DI Awaaj

Punjab Desk  :  ਸੀ-ਪਾਈਟ ਕੈਂਪ, ਪੱਟੀ (ਤਰਨ ਤਾਰਨ) ਦੇ ਕੈਂਪ ਟ੍ਰੇਨਿੰਗ ਅਫ਼ਸਰ ਕੈਪਟਨ (ਰਿਟਾਇਰਡ) ਗੁਰਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਨ੍ਹਾਂ ਨੌਜਵਾਨਾਂ ਨੇ ਸਾਲ 2026 ਵਿੱਚ ਅਗਨੀਵੀਰ ਜੀ.ਡੀ., ਕਲਰਕ, ਟੈਕਨੀਕਲ ਅਤੇ ਟ੍ਰੇਡਸਮੈਨ ਦੀ ਲਿਖਤੀ ਪ੍ਰੀਖਿਆ ਪਾਸ ਕਰ ਲਈ ਹੈ ਅਤੇ ਉਹ ਫਿਜ਼ੀਕਲ ਟੈਸਟ ਦੀ ਤਿਆਰੀ ਕਰਨਾ ਚਾਹੁੰਦੇ ਹਨ, ਉਹ ਸੀ-ਪਾਈਟ ਕੈਂਪ, ਪੱਟੀ ਵਿਖੇ ਰਿਪੋਰਟ ਕਰ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਤਰਨ ਤਾਰਨ ਜ਼ਿਲ੍ਹੇ ਦੇ ਨੌਜਵਾਨਾਂ ਦੇ ਫਿਜ਼ੀਕਲ ਟੈਸਟ ਦੀ ਟ੍ਰੇਨਿੰਗ ਤਾਜ਼ਰਬੇਕਾਰ ਸਟਾਫ਼ ਵੱਲੋਂ ਕਰਵਾਈ ਜਾ ਰਹੀ ਹੈ। ਅਗਨੀਵੀਰ ਆਰਮੀ ਭਰਤੀ ਰੈਲੀ ਮਿਤੀ 19 ਨਵੰਬਰ 2026 ਤੋਂ ਜਲੰਧਰ ਵਿਖੇ ਸ਼ੁਰੂ ਹੋ ਰਹੀ ਹੈ। ਇਸ ਲਈ ਨੌਜਵਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਉਠਾਉਂਦਿਆਂ ਜਲਦੀ ਤੋਂ ਜਲਦੀ ਕੈਂਪ ਵਿੱਚ ਰਿਪੋਰਟ ਕਰਨ ਦੀ ਅਪੀਲ ਕੀਤੀ ਗਈ ਹੈ। ਨੌਜਵਾਨ ਸਵੇਰੇ 09:00 ਵਜੇ ਤੋਂ 11:30 ਵਜੇ ਤੱਕ ਕੈਂਪ ਵਿੱਚ ਪਹੁੰਚ ਕੇ ਦਾਖਲਾ ਕਰਵਾ ਸਕਦੇ ਹਨ।

ਕੈਂਪ ਵਿੱਚ ਆਉਣ ਸਮੇਂ ਉਮੀਦਵਾਰ ਆਪਣੇ ਨਾਲ ਆਨਲਾਈਨ ਰਜਿਸਟ੍ਰੇਸ਼ਨ ਦੀ ਕਾਪੀ, ਦਸਵੀਂ ਦਾ ਅਸਲ ਸਰਟੀਫਿਕੇਟ, ਦਸਵੀਂ ਦੇ ਸਰਟੀਫਿਕੇਟ ਦੀ ਫੋਟੋਸਟੇਟ ਕਾਪੀ, ਪੰਜਾਬ ਰੈਜੀਡੈਂਸ ਦਾ ਫੋਟੋਸਟੇਟ ਸਰਟੀਫਿਕੇਟ, ਜਾਤੀ ਸਰਟੀਫਿਕੇਟ ਦੀ ਫੋਟੋਸਟੇਟ ਕਾਪੀ, ਆਧਾਰ ਕਾਰਡ ਦੀ ਫੋਟੋਸਟੇਟ ਕਾਪੀ, ਬੈਂਕ ਖਾਤੇ ਦੀ ਫੋਟੋਸਟੇਟ ਕਾਪੀ ਅਤੇ ਖਾਤਾ ਚਾਲੂ ਹਾਲਤ ਵਿੱਚ ਹੋਣ ਦਾ ਸਬੂਤ, ਪਾਸਪੋਰਟ ਸਾਈਜ਼ ਦੀਆਂ ਫੋਟੋਆਂ, ਇੱਕ ਕਾਪੀ ਤੇ ਪੈੱਨ, ਖਾਣਾ ਖਾਣ ਲਈ ਬਰਤਨ ਅਤੇ ਰਹਿਣ ਲਈ ਬਿਸਤਰਾ ਆਦਿ ਨਾਲ ਲੈ ਕੇ ਆਉਣ।

ਕੈਂਪ ਵਿੱਚ ਰਹਿਣ ਸਮੇਂ ਖਾਣਾ ਅਤੇ ਰਹਾਇਸ਼ ਦੀ ਮੁਫ਼ਤ ਸਹੂਲਤ ਦਿੱਤੀ ਜਾਵੇਗੀ ਅਤੇ ਫਿਜ਼ੀਕਲ ਦੀ ਤਿਆਰੀ ਲਈ ਕੋਈ ਵੀ ਫ਼ੀਸ ਨਹੀਂ ਲਈ ਜਾਵੇਗੀ। ਵਧੇਰੇ ਜਾਣਕਾਰੀ ਲਈ ਨੌਜਵਾਨ 94647-56808 ਅਤੇ 98772-01536 ਨੰਬਰਾਂ ’ਤੇ ਸੰਪਰਕ ਕਰ ਸਕਦੇ ਹਨ।