ਰੂਪਨਗਰ, 19 ਅਕਤੂਬਰ 2026 AJ DI Awaaj
Punjab Desk : ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਦੀ ਅਗਵਾਈ ਹੇਠ ਹਫ਼ਤਾਵਾਰੀ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ। ਇਸੇ ਲੜੀ ਤਹਿਤ 21 ਅਕਤੂਬਰ ਨੂੰ ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਿੰਨੀ ਸਕੱਤਰੇਤ, ਡੀ.ਸੀ. ਕੰਪਲੈਕਸ, ਰੂਪਨਗਰ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਰੂਪਨਗਰ ਸੁਖਮਨ ਮਾਨ ਨੇ ਦੱਸਿਆ ਕਿ ਕੈਂਪ ਵਿੱਚ ਦੋ ਕੰਪਨੀਆਂ ਵੱਲੋਂ ਵੱਖ-ਵੱਖ ਅਸਾਮੀਆਂ ਲਈ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਬਲੈਕ ਟਾਈਲ ਮਾਰਕੀਟਿੰਗ ਏਜੰਸੀ ਵੱਲੋਂ ਸੇਲਜ਼ ਐਗਜ਼ੀਕਿਊਟਿਵ ਦੀਆਂ 30 ਅਸਾਮੀਆਂ ਲਈ ਘੱਟੋ-ਘੱਟ ਬਾਰਵੀਂ ਪਾਸ ਜਾਂ ਗ੍ਰੈਜੂਏਟ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ। ਇਨ੍ਹਾਂ ਅਸਾਮੀਆਂ ਲਈ ਉਮੀਦਵਾਰਾਂ ਦੀ ਉਮਰ 19 ਤੋਂ 32 ਸਾਲ ਹੋਣੀ ਚਾਹੀਦੀ ਹੈ। ਚੁਣੇ ਗਏ ਨਵੇਂ ਉਮੀਦਵਾਰਾਂ ਨੂੰ 18,000 ਤੋਂ 20,000 ਰੁਪਏ ਪ੍ਰਤੀ ਮਹੀਨਾ ਅਤੇ ਤਜਰਬੇਕਾਰ ਉਮੀਦਵਾਰਾਂ ਨੂੰ 25,000 ਤੋਂ 30,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਵੇਗੀ। ਇਨ੍ਹਾਂ ਅਸਾਮੀਆਂ ਲਈ ਨੌਕਰੀ ਦਾ ਸਥਾਨ ਮੋਹਾਲੀ ਹੋਵੇਗਾ।
ਇਸ ਤੋਂ ਇਲਾਵਾ, ਆਈ.ਡੀ.ਐੱਫ.ਸੀ. ਬੈਂਕ ਵੱਲੋਂ ਅਸਿਸਟੈਂਟ ਰਿਲੇਸ਼ਨਸ਼ਿਪ ਮੈਨੇਜਰ ਦੀਆਂ ਅਸਾਮੀਆਂ ਲਈ ਗ੍ਰੈਜੂਏਟ ਪਾਸ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ। ਇਨ੍ਹਾਂ ਅਸਾਮੀਆਂ ਲਈ ਚੁਣੇ ਗਏ ਉਮੀਦਵਾਰਾਂ ਨੂੰ 17,000 ਰੁਪਏ ਪ੍ਰਤੀ ਮਹੀਨਾ ਦੇ ਨਾਲ ਪੀ.ਐੱਫ., ਫਿਊਲ ਅਤੇ ਇਨਸੈਂਟਿਵ ਦੀ ਸਹੂਲਤ ਵੀ ਦਿੱਤੀ ਜਾਵੇਗੀ। ਉਮੀਦਵਾਰਾਂ ਦੀ ਉਮਰ 21 ਤੋਂ 28 ਸਾਲ ਹੋਣੀ ਚਾਹੀਦੀ ਹੈ, ਜਦਕਿ ਤਜਰਬੇਕਾਰ ਉਮੀਦਵਾਰਾਂ ਨੂੰ ਉਮਰ ਵਿੱਚ ਦੋ ਸਾਲ ਦੀ ਛੋਟ ਦਿੱਤੀ ਜਾਵੇਗੀ ਅਤੇ 30 ਸਾਲ ਤੱਕ ਦੇ ਉਮੀਦਵਾਰ ਵੀ ਇੰਟਰਵਿਊ ਵਿੱਚ ਭਾਗ ਲੈ ਸਕਣਗੇ। ਇਨ੍ਹਾਂ ਅਸਾਮੀਆਂ ਲਈ ਕੇਵਲ ਪੁਰਸ਼ ਉਮੀਦਵਾਰ ਹੀ ਇੰਟਰਵਿਊ ਦੇ ਸਕਦੇ ਹਨ ਅਤੇ ਨੌਕਰੀ ਦਾ ਸਥਾਨ ਰੂਪਨਗਰ ਹੋਵੇਗਾ।
ਉਨ੍ਹਾਂ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਰੋਜ਼ਗਾਰ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ। ਇੰਟਰਵਿਊ ਦਾ ਸਥਾਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਿੰਨੀ ਸਕੱਤਰੇਤ, ਡੀ.ਸੀ. ਕੰਪਲੈਕਸ, ਰੂਪਨਗਰ ਹੈ। ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 01881-222104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।



















