ਬਜ਼ੁਰਗਾਂ ਲਈ ਵਿਸੇਸ਼ ਮੈਡੀਕਲ ਤੇ ਜਾਗਰੂਕਤਾ ਕੈਂਪ

35

ਬਰਨਾਲਾ, 12 ਅਕਤੂਬਰ 2026 AJ DI Awaaj

Punjab Desk :  ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈ.ਏ.ਐਸ. ਦੀ ਅਗਵਾਈ ਅਧੀਨ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਟੇਟ ਐਕਸ਼ਨ ਫਾਰ ਸੀਨੀਅਰ ਸਿਟੀਜ਼ਨ 2026 -27 ਤਹਿਤ ਬਜ਼ੁਰਗ ਨਾਗਰਿਕਾਂ ਦੀ ਭਲਾਈ ਲਈ ‘ਸਾਡੇ ਬਜ਼ੁਰਗ- ਸਾਡਾ ਮਾਣ’ ਤਹਿਤ ਜ਼ਿਲ੍ਹਾ ਪੱਧਰੀ ਮੈਗਾ ਕੈਂਪ ਦਾ ਆਯੋਜਨ ਭਲਕੇ 13 ਅਕਤੂਬਰ ਦਿਨ ਮੰਗਲਵਾਰ ਨੂੰ ਕੀਤਾ ਜਾ ਰਿਹਾ ਹੈ। ਇਹ ਕੈਂਪ ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਸ਼ਹੀਦ ਭਗਤ ਸਿੰਘ ਪਾਰਕ,  ਬਰਨਾਲਾ ਵਿਖੇ ਲਗਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਉਦੇਸ਼ ਬਜ਼ੁਰਗਾਂ ਦੀ ਸਰੀਰਕ, ਮਾਨਸਿਕ ਅਤੇ ਸਮਾਜਿਕ ਤੰਦਰੁਸਤੀ ਨੂੰ ਯਕੀਨੀ ਬਣਾਉਣਾ ਹੈ। ਕੈਂਪ ਦੌਰਾਨ ਵੱਖ-ਵੱਖ ਤਜਰਬੇਕਾਰ ਡਾਕਟਰਾਂ ਅਤੇ ਮਾਹਿਰਾਂ ਵੱਲੋਂ ਇੱਕੋ ਛੱਤ ਹੇਠ ਬਜ਼ੁਰਗਾਂ ਲਈ ਅੱਖਾਂ ਦੀ ਜਾਂਚ, ਜਨਰਲ ਮੈਡੀਕਲ ਕੈਂਪ, ਫਿਜ਼ੀਓਥੈਰੇਪੀ, ਹੋਮਿਓਪੈਥੀ ਅਤੇ ਮਨੋਵਿਗਿਆਨਕ ਸਲਾਹ ਆਦਿ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ ਤੇ ਨਾਲ ਹੀ ਯੋਗਾ ਤੇ ਸਿਹਤ ਸੰਭਾਲ ਸਬੰਧੀ ਸੈਸ਼ਨ ਕਰਵਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਬੈਂਕਿੰਗ ਐਪਲੀਕੇਸ਼ਨਾਂ, ਸਾਈਬਰ ਕ੍ਰਾਈਮ ਅਤੇ ਓ.ਟੀ.ਪੀ. ਨਾਲ ਸਬੰਧਤ ਧੋਖਾਧੜੀ ਤੋਂ ਬਚਣ ਲਈ ਜਾਗਰੂਕ ਕੀਤਾ ਜਾਵੇਗਾ। ਮਾਪਿਆਂ ਅਤੇ ਬਜ਼ੁਰਗ ਨਾਗਰਿਕਾਂ ਦੀ ਸਾਂਭ-ਸੰਭਾਲ ਅਤੇ ਭਲਾਈ ਐਕਟ, 2007 ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਜਾਵੇਗੀ। ਬਜ਼ੁਰਗਾਂ ਲਈ ਵਿਅਕਤੀਗਤ ਗਤੀਵਿਧੀਆਂ, ਮਨੋਰੰਜਕ ਮੁਕਾਬਲੇ, ਸਵੈ-ਸਹਾਇਤਾ ਸਮੂਹਾਂ ਦੀਆਂ ਗਤੀਵਿਧੀਆਂ ਅਤੇ ਕਿਤਾਬਾਂ ਦੇ ਸਟਾਲ ਵੀ ਲਗਾਏ ਜਾਣਗੇ।
ਇਸ ਤੋਂ ਇਲਾਵਾ “ਏਕ ਪੇੜ ਮਾਂ ਕੇ ਨਾਮ” ਮੁਹਿੰਮ ਤਹਿਤ ਵਾਤਾਵਰਣ-ਅਨੁਕੂਲ ਸਮਾਜ ਦੇ ਨਿਰਮਾਣ ਲਈ ਪੌਦਿਆਂ ਦੀ ਵੰਡ ਕੀਤੀ ਜਾਵੇਗੀ। ਸਕੂਲੀ ਵਿਦਿਆਰਥੀਆਂ ਨਾਲ ਅੰਤਰ-ਪੀੜ੍ਹੀ ਸਾਂਝ ਵਧਾਉਣ ਲਈ ਮਿਲਣੀ ਅਤੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ।
ਉਨ੍ਹਾਂ ਸਮੂਹ ਨਿਵਾਸੀਆਂ ਅਤੇ ਬਜ਼ੁਰਗਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕੈਂਪ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਦਿੱਤੀਆਂ ਜਾ ਰਹੀਆਂ ਮੁਫ਼ਤ ਸੇਵਾਵਾਂ ਦਾ ਲਾਭ ਉਠਾਉਣ।