ਕੋਟਕਪੂਰਾ ਦੇ 23 ਪਿੰਡਾਂ ਦੇ ਵਸਨੀਕਾਂ ਨੂੰ ਮਿਲਣਗੇ ਮਾਲਕੀ ਹੱਕ

1

ਕੋਟਕਪੂਰਾ, 6 ਅਕਤੂਬਰ 2026 AJ DI Awaaj

 

Punjab Desk :  ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਲਾਲ ਲਕੀਰ ਦੇ ਅੰਦਰ ਰਹਿ ਰਹੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਮਾਲਕੀ ਹੱਕ ਦੇਣ ਲਈ ਚਲਾਈ ਜਾ ਰਹੀ ਮਹੱਤਵਪੂਰਨ ਮੁਹਿੰਮ ‘ਮੇਰਾ ਘਰ ਮੇਰੇ ਨਾਮ’ ਤਹਿਤ ਤਹਿਸੀਲ ਕੋਟਕਪੂਰਾ ਦੇ 23 ਪਿੰਡਾਂ ਦੇ ਵਸਨੀਕਾਂ ਨੂੰ ਪ੍ਰਾਪਰਟੀ ਕਾਰਡ ਵੰਡਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਮੰਡਲ ਮੈਜਿਸਟਰੇਟ ਕੋਟਕਪੂਰਾ ਸ੍ਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ 7 ਅਕਤੂਬਰ 2026 ਨੂੰ ਸਵੇਰੇ 10:00 ਵਜੇ ਪਿੰਡ ਭੈਰੋਂ ਕੀ ਭੱਟੀ, ਤਹਿਸੀਲ ਕੋਟਕਪੂਰਾ ਤੋਂ ਪ੍ਰਾਪਰਟੀ ਕਾਰਡ ਵੰਡਣ ਦੀ ਰਸਮੀ ਸ਼ੁਰੂਆਤ ਕੀਤੀ ਜਾਵੇਗੀ। ਇਸ ਉਪਰੰਤ ਪਿੰਡ ਠਾੜਾ ਵਿਖੇ ਵੀ ਯੋਗ ਲਾਭਪਾਤਰੀਆਂ ਨੂੰ ਪ੍ਰਾਪਰਟੀ ਕਾਰਡ ਵੰਡੇ ਜਾਣਗੇ।

ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਲਾਲ ਲਕੀਰ ਦੇ ਅੰਦਰ ਰਹਿ ਰਹੇ ਵਸਨੀਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਮਾਲਕੀ ਹੱਕਾਂ ਦੀ ਅਧਿਕਾਰਤ ਪਛਾਣ ਮੁਹੱਈਆ ਕਰਵਾਉਣਾ ਹੈ। ਇਸ ਤਹਿਤ ਸਬੰਧਤ ਜਾਇਦਾਦਾਂ ਦੀ ਮੈਪਿੰਗ, ਤਸਦੀਕ ਅਤੇ ਰਿਕਾਰਡ ਤਿਆਰ ਕਰਨ ਉਪਰੰਤ ਯੋਗ ਲਾਭਪਾਤਰੀਆਂ ਨੂੰ ਪ੍ਰਾਪਰਟੀ ਕਾਰਡ ਜਾਰੀ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਨਾਲ ਲੰਬੇ ਸਮੇਂ ਤੋਂ ਆਪਣੇ ਘਰਾਂ ਦੇ ਮਾਲਕੀ ਹੱਕਾਂ ਦੀ ਅਧਿਕਾਰਤ ਪਛਾਣ ਦੀ ਉਡੀਕ ਕਰ ਰਹੇ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੇਗੀ। ਪ੍ਰਾਪਰਟੀ ਕਾਰਡ ਉਨ੍ਹਾਂ ਦੇ ਘਰ ਦੀ ਮਾਲਕੀ ਸਬੰਧੀ ਇੱਕ ਮਹੱਤਵਪੂਰਨ ਅਧਿਕਾਰਤ ਦਸਤਾਵੇਜ਼ ਵਜੋਂ ਕੰਮ ਕਰੇਗਾ ਅਤੇ ਇਸ ਨਾਲ ਲੋਕਾਂ ਨੂੰ ਆਪਣੀ ਜਾਇਦਾਦ ਸਬੰਧੀ ਅਧਿਕਾਰਤ ਰਿਕਾਰਡ ਉਪਲਬਧ ਹੋਵੇਗਾ।

ਉਪ ਮੰਡਲ ਮੈਜਿਸਟਰੇਟ ਨੇ ਦੱਸਿਆ ਕਿ ‘ਮੇਰਾ ਘਰ ਮੇਰੇ ਨਾਮ’ ਪੰਜਾਬ ਸਰਕਾਰ ਦੀ ਲੋਕ-ਹਿਤੈਸ਼ੀ ਪਹਿਲਕਦਮੀ ਹੈ, ਜਿਸ ਰਾਹੀਂ ਲਾਲ ਲਕੀਰ ਦੇ ਅੰਦਰ ਵੱਸਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਮਾਲਕੀ ਹੱਕ ਪ੍ਰਦਾਨ ਕਰਕੇ ਉਨ੍ਹਾਂ ਨੂੰ ਜਾਇਦਾਦ ਦੇ ਅਧਿਕਾਰਤ ਰਿਕਾਰਡ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਪਿੰਡ ਭੈਰੋਂ ਕੀ ਭੱਟੀ ਅਤੇ ਠਾੜਾ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ 7 ਅਕਤੂਬਰ ਨੂੰ ਨਿਰਧਾਰਤ ਸਮੇਂ ਤੇ ਪਹੁੰਚ ਕੇ ਆਪਣੇ ਪ੍ਰਾਪਰਟੀ ਕਾਰਡ ਪ੍ਰਾਪਤ ਕਰਨ ਅਤੇ ਇਸ ਮਹੱਤਵਪੂਰਨ ਪਹਿਲਕਦਮੀ ਦਾ ਲਾਭ ਲੈਣ।