ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ ਅਚਨਚੇਤ ਦੌਰਾ

1
ਨੰਗਲ 05 ਅਕਤੂਬਰ 2026 AJ DI Awaaj
Punjab Desk   : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਤਲਵਾੜਾ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦਾ ਅਚਨਚੇਤ ਦੌਰਾ ਕਰਕੇ ਸਕੂਲ ਵਿੱਚ ਚੱਲ ਰਹੀਆਂ ਵਿਦਿਅਕ ਅਤੇ ਬੁਨਿਆਦੀ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਸਕੂਲ ਦੇ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਸਕੂਲ ਦੀਆਂ ਲੋੜਾਂ ਅਤੇ ਵਿਦਿਆਰਥੀਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇ ਨਾਲ-ਨਾਲ ਬਿਹਤਰ ਅਤੇ ਸੁਖਾਵਾਂ ਵਿੱਦਿਅਕ ਮਾਹੌਲ ਮੁਹੱਈਆ ਕਰਵਾਉਣਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ।
        ਦੌਰੇ ਦੌਰਾਨ ਸਕੂਲ ਦੀ ਇਮਾਰਤ ਅਤੇ ਕਲਾਸਰੂਮਾਂ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਸਿੱਖਿਆ ਮੰਤਰੀ ਨੇ ਸਕੂਲ ਵਿੱਚ ਦੋ ਨਵੇਂ ਕਮਰੇ ਬਣਾਉਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਸਕੂਲ ਦੀਆਂ ਵਧਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਵਾਧੂ ਕਮਰਿਆਂ ਦੀ ਉਸਾਰੀ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਹੋਰ ਵਧੀਆ ਥਾਂ ਮਿਲੇਗੀ। ਇਸ ਦੇ ਨਾਲ ਹੀ ਸਕੂਲ ਦੀ ਇਮਾਰਤ ਦਾ ਵ੍ਹਾਈਟ ਵਾਸ਼ ਕਰਵਾਉਣ ਅਤੇ ਸਕੂਲ ਦੀ ਚਾਰਦੀਵਾਰੀ ਦੀ ਵੀ ਵ੍ਹਾਈਟ ਵਾਸ਼ ਕਰਵਾਉਣ ਲਈ ਲੋੜੀਂਦੇ ਨਿਰਦੇਸ਼ ਦਿੱਤੇ ਗਏ।
         ਸਿੱਖਿਆ ਮੰਤਰੀ ਨੇ ਸਕੂਲ ਵਿੱਚ ਬੱਚਿਆਂ ਲਈ ਇੱਕ ਵੱਡਾ ਸਾਂਝਾ ਹਾਲ ਬਣਾਉਣ ਦੀ ਲੋੜ ’ਤੇ ਵੀ ਧਿਆਨ ਦਿੱਤਾ। ਉਨ੍ਹਾਂ ਵੱਲੋਂ ਫੈਸਲਾ ਕੀਤਾ ਗਿਆ ਕਿ ਦੋ ਕਮਰਿਆਂ ਨੂੰ ਆਪਸ ਵਿੱਚ ਜੋੜ ਕੇ ਇੱਕ ਹਾਲ ਤਿਆਰ ਕੀਤਾ ਜਾਵੇ, ਜਿਸ ਦਾ ਆਕਾਰ ਲਗਭਗ 30 ਫੁੱਟ x 45 ਫੁੱਟ ਹੋਵੇਗਾ। ਇਸ ਹਾਲ ਦੀ ਵਰਤੋਂ ਸਕੂਲ ਦੀਆਂ ਸਾਂਝੀਆਂ ਗਤੀਵਿਧੀਆਂ, ਵਿਦਿਅਕ ਪ੍ਰੋਗਰਾਮਾਂ ਅਤੇ ਹੋਰ ਸਕੂਲੀ ਸਮਾਗਮਾਂ ਲਈ ਕੀਤੀ ਜਾ ਸਕੇਗੀ।
       ਇਸ ਮੌਕੇ ਸਿੱਖਿਆ ਮੰਤਰੀ ਨੇ ਅਧਿਆਪਕਾਂ ਨਾਲ ਸਕੂਲ ਵਿੱਚ ਬੱਚਿਆਂ ਦੀ ਗਿਣਤੀ, ਪੜ੍ਹਾਈ ਦੇ ਪੱਧਰ, ਖੇਡਾਂ ਅਤੇ ਹੋਰ ਸਹੂਲਤਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਬੱਚਿਆਂ ਦੀ ਸਿੱਖਿਆ ਦੇ ਨਾਲ-ਨਾਲ ਉਨ੍ਹਾਂ ਦੇ ਸਰਵਪੱਖੀ ਵਿਕਾਸ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਬੁਨਿਆਦੀ ਢਾਂਚਾ ਮਜ਼ਬੂਤ ਹੋਣ ਨਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਦੋਵਾਂ ਨੂੰ ਪੜ੍ਹਾਈ ਲਈ ਬਿਹਤਰ ਮਾਹੌਲ ਮਿਲਦਾ ਹੈ।
        ਤਲਵਾੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਦੋ ਨਵੇਂ ਕਮਰਿਆਂ ਦੀ ਉਸਾਰੀ, ਹਾਲ ਤਿਆਰ ਕਰਨ, ਸਕੂਲ ਅਤੇ ਚਾਰਦੀਵਾਰੀ ਦੇ ਵ੍ਹਾਈਟ ਵਾਸ਼ ਸਮੇਤ ਕੀਤੇ ਗਏ ਫੈਸਲਿਆਂ ਨਾਲ ਸਕੂਲ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਹੋਣ ਦੀ ਉਮੀਦ ਹੈ। ਸਿੱਖਿਆ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਕੰਮਾਂ ਨੂੰ ਨਿਯਮਾਂ ਅਨੁਸਾਰ ਅੱਗੇ ਵਧਾਉਣ ਲਈ ਕਿਹਾ ਤਾਂ ਜੋ ਵਿਦਿਆਰਥੀਆਂ ਨੂੰ ਇਨ੍ਹਾਂ ਸਹੂਲਤਾਂ ਦਾ ਲਾਭ ਜਲਦ ਮਿਲ ਸਕੇ। ਇਸ ਮੌਕੇ ਸੁਮਿਤ ਅਗਨੀਸੰਦਲ , ਸੰਦੀਪ ਸ਼ਰਮਾ, ਦਿਲਭਾਗ ਸਿੰਘ, ਅਮਰੀਕ ਸਿੰਘ, ਰਾਹੁਲ ਸ਼ਰਮਾ, ਰੋਹਿਤ ਰਾਣਾ, ਅਮਨ ਅਗਨੀਸੰਦ , ਨਿਸ਼ਾਂਤ ਗੁਪਤਾ  ਹਾਜ਼ਰ ਸਨ।