ਇਕਹਿਰੀ ਵਰਤੋਂ ਵਾਲੀ ਪਲਾਸਟਿਕ ਦੀ ਰੋਕਥਾਮ ਸਬੰਧੀ ਨੁੱਕੜ ਨਾਟਕ ਕਰਾਏ

1
ਬਰਨਾਲਾ, 26 ਸਤੰਬਰ 2026 AJ DI Awaaj
Punjab Desk :  ਪੰਜਾਬ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਅਤੇ ਵਾਤਾਵਰਣ ਦੀ ਸੰਭਾਲ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਚੇਅਰਮੈਨ ਰੀਨਾ ਗੁਪਤਾ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦਾ ਮੁੱਖ ਮਕਸਦ ਸੂਬੇ ਵਿੱਚ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਘੱਟ ਕਰਨਾ ਅਤੇ ਆਮ ਜਨਤਾ ਨੂੰ ਇਸ ਦੇ ਖ਼ਤਰਨਾਕ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਹੈ।
ਇਸੇ ਮੁਹਿੰਮ ਦੀ ਲੜੀ ਤਹਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਖ-ਵੱਖ ਖੇਤਰੀ ਦਫ਼ਤਰਾਂ (RO) ਅਧੀਨ ਨੁੱਕੜ ਨਾਟਕਾਂ ਰਾਹੀਂ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਇਸ ਤਹਿਤ ਅੱਜ ਖੇਤਰੀ ਦਫ਼ਤਰ (RO) ਬਰਨਾਲਾ ਵੱਲੋਂ ਸ਼ਹਿਰ ਵਿੱਚ ਸਿੰਗਲ ਯੂਜ਼ ਪਲਾਸਟਿਕ ਦੀ ਰੋਕਥਾਮ ਸਬੰਧੀ ਤਿੰਨ ਵਿਸ਼ੇਸ਼ ਨੁੱਕੜ ਨਾਟਕ ਕਰਵਾਏ ਗਏ।
ਇਹ ਨੁੱਕੜ ਨਾਟਕ ਸ਼ਹਿਰ ਦੀਆਂ ਪ੍ਰਮੁੱਖ ਅਤੇ ਭੀੜ ਵਾਲੀਆਂ ਥਾਵਾਂ ਜਿਵੇਂ ਕਿ ਸਬਜ਼ੀ ਮੰਡੀ, ਬੱਸ ਸਟੈਂਡ ਅਤੇ ਇੱਕ ਸਥਾਨਕ ਮਾਰਕੀਟ ਵਿਖੇ ਪੇਸ਼ ਕੀਤੇ ਗਏ। ਇਨ੍ਹਾਂ ਨਾਟਕਾਂ ਰਾਹੀਂ ਕਲਾਕਾਰਾਂ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਕਿ ਸਿੰਗਲ ਯੂਜ਼ ਪਲਾਸਟਿਕ ਸਾਡੇ ਵਾਤਾਵਰਣ, ਮਨੁੱਖੀ ਸਿਹਤ ਅਤੇ ਜੀਵ-ਜੰਤੂਆਂ ਲਈ ਕਿੰਨਾ ਘਾਤਕ ਹੈ।
ਇਸ ਮੌਕੇ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਪਲਾਸਟਿਕ ਦੇ ਲਿਫ਼ਾਫ਼ਿਆਂ ਅਤੇ ਹੋਰ ਸਿੰਗਲ ਯੂਜ਼ ਪਲਾਸਟਿਕ ਵਸਤਾਂ ਦਾ ਮੁਕੰਮਲ ਤਿਆਗ ਕਰਨ। ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਉਹ ਬਾਜ਼ਾਰ ਜਾਂਦੇ ਸਮੇਂ ਪਲਾਸਟਿਕ ਦੀ ਥਾਂ ਕੱਪੜੇ, ਜੂਟ ਜਾਂ ਹੋਰ ਮੁੜ ਵਰਤੋਂਯੋਗ (Reusable) ਥੈਲਿਆਂ ਦੀ ਵਰਤੋਂ ਨੂੰ ਆਪਣੀ ਰੋਜ਼ਾਨਾ ਆਦਤ ਬਣਾਉਣ।
ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਿਆਪਕ ਜਾਗਰੂਕਤਾ ਮੁਹਿੰਮ ਦਾ ਮੁੱਖ ਉਦੇਸ਼ ਪੰਜਾਬ ਭਰ ਵਿੱਚ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਜੜ੍ਹੋਂ ਖ਼ਤਮ ਕਰਨਾ ਅਤੇ ਆਮ ਜਨਤਾ ਵਿੱਚ ਵਾਤਾਵਰਣ ਦੀ ਸੁਰੱਖਿਆ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਸਾਫ਼-ਸੁਥਰਾ ਅਤੇ ਸਿਹਤਮੰਦ ਵਾਤਾਵਰਣ ਦਿੱਤਾ ਜਾ ਸਕੇ।