ਬਰਤਾਨਵੀ ਡਿਪਟੀ ਹਾਈ ਕਮਿਸ਼ਨਰ ਚੰਡੀਗੜ੍ਹ ਕੈਰੋਲਾਈਨ ਰੋਵੈੱਟ ਨੇ ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨਾਲ ਕੀਤੀ ਮੁਲਾਕਾਤ

38

ਜਾਣਕਾਰੀ ਅਤੇ ਜਨਸੰਪਰਕ ਵਿਭਾਗ, ਪੰਜਾਬ

ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਬਰਤਾਨਵੀ ਡਿਪਟੀ ਹਾਈ ਕਮਿਸ਼ਨਰ ਚੰਡੀਗੜ੍ਹ ਕੈਰੋਲਾਈਨ ਰੋਵੈੱਟ ਨਾਲ ਪੰਜਾਬ ਦੀਆਂ ਸਬਜ਼ੀਆਂ ਅਤੇ ਫਲਾਂ ਦੇ ਯੂ.ਕੇ. ਅਤੇ ਹੋਰ ਯੂਰਪੀ ਦੇਸ਼ਾਂ ‘ਚ ਨਿਰਯਾਤ ਬਾਰੇ ਚਰਚਾ ਕੀਤੀ

ਚੰਡੀਗੜ੍ਹ, 7 ਫਰਵਰੀ 2025: Aj Di Awaaj

ਬਰਤਾਨਵੀ ਡਿਪਟੀ ਹਾਈ ਕਮਿਸ਼ਨਰ ਚੰਡੀਗੜ੍ਹ ਕੈਰੋਲਾਈਨ ਰੋਵੈੱਟ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ ਅਤੇ ਵੱਖ-ਵੱਖ ਮਹੱਤਵਪੂਰਨ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ। ਕੈਰੋਲਾਈਨ ਰੋਵੈੱਟ ਨੇ ਪੰਜਾਬ ਵਿਧਾਨ ਸਭਾ ਭਵਨ ਦੀ ਸ਼ਾਨਦਾਰ ਇਮਾਰਤ ਦੀ ਪ੍ਰਸ਼ੰਸਾ ਕੀਤੀ ਅਤੇ ਆਪਣੇ ਦੌਰੇ ਨੂੰ ਯਾਦਗਾਰੀ ਕਰਾਰ ਦਿੱਤਾ। ਉਨ੍ਹਾਂ ਦੱਸਿਆ ਕਿ ਉਹ ਫਰਾਂਸ, ਇੰਡੋਨੇਸ਼ੀਆ, ਬਹਾਮਾਸ ਅਤੇ ਹੈਤੀ ਵਰਗੇ ਵੱਖ-ਵੱਖ ਦੇਸ਼ਾਂ ‘ਚ ਕੰਮ ਕਰ ਚੁੱਕੀਆਂ ਹਨ।

ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਦੀਆਂ ਸਬਜ਼ੀਆਂ ਅਤੇ ਫਲਾਂ ਨੂੰ ਯੂਰਪ ਅਤੇ ਯੂ.ਕੇ. ‘ਚ ਨਿਰਯਾਤ ਕਰਨ ਦੇ ਮੁੱਦੇ ‘ਤੇ ਚਰਚਾ ਕੀਤੀ। ਉਨ੍ਹਾਂ ਕੈਰੋਲਾਈਨ ਰੋਵੈੱਟ ਤੋਂ ਸਹਿਯੋਗ ਦੀ ਮੰਗ ਕੀਤੀ ਤਾਂ ਕਿ ਪੰਜਾਬ ਦੇ ਕਿਸਾਨਾਂ ਨੂੰ ਇਸ ਤੋਂ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਬਜ਼ੀਆਂ ਅਤੇ ਫਲਾਂ ਦਾ ਸੁਆਦ ਦੁਨੀਆ ਭਰ ‘ਚ ਕਿਸੇ ਵੀ ਹੋਰ ਥਾਂ ਨਹੀਂ ਮਿਲ ਸਕਦਾ। ਉਨ੍ਹਾਂ ਨੇ ਫ਼ਿਰੋਜ਼ਪੁਰ ਦੀ ਲਾਲ ਮਿਰਚ ਨੂੰ ਦੇਸ਼ ਦੀ ਸਭ ਤੋਂ ਵਧੀਆ ਮਿਰਚ ਕਰਾਰ ਦਿੱਤਾ।

ਸਪੀਕਰ ਸੰਧਵਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ‘ਚ ਖੇਤੀ-ਸੰਬੰਧੀ ਪ੍ਰਕਿਰਿਆਵਾਂ ਨੂੰ ਹੋਰ ਉੱਚੀ ਪੱਧਰੀ ਬਣਾਉਣ ਅਤੇ ਖੇਤੀ ਬਾਗਬਾਨੀ ਖੇਤਰ ਦੀ ਤਰੱਕੀ ਲਈ ਮੁਸ਼ਕਿਲ ਹੱਲ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਉਲੇਖਿਆ ਕਿ ਰਾਜ ਭਰ ‘ਚ ਪਰਾਲੀ ਸਾੜਨ ਦੀ ਸਮੱਸਿਆ ਨੂੰ ਖਤਮ ਕਰਨ ਲਈ ਗੰਭੀਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ

ਇਸ ਦੌਰਾਨ, ਗੈਰਕਾਨੂੰਨੀ ਇਮੀਗ੍ਰੇਸ਼ਨ ਅਤੇ ਧੋਖਾਧੜੀ ਨੂੰ ਰੋਕਣ ਲਈ ਦੋਹਾਂ ਦੇਸ਼ਾਂ ਵਿਚਾਲੇ ਸਹਿਕਾਰਤਾ ਵਧਾਉਣ ਦੀ ਲੋੜ ‘ਤੇ ਵੀ ਚਰਚਾ ਹੋਈ।

ਸਪੀਕਰ ਸੰਧਵਾਂ ਨੇ ਬਰਤਾਨਵੀ ਡਿਪਟੀ ਹਾਈ ਕਮਿਸ਼ਨਰ ਕੈਰੋਲਾਈਨ ਰੋਵੈੱਟ ਨੂੰ ਆਪਣੇ ਘਰ ਲੈ ਜਾ ਕੇ ਉਨ੍ਹਾਂ ਨੂੰ ਆਪਣੇ ਬਾਗ ਵਿੱਚ ਉਗਾਈਆਂ ਜੈਵਿਕ ਸਬਜ਼ੀਆਂ ਵਿਖਾਈਆਂ। ਕੈਰੋਲਾਈਨ ਰੋਵੈੱਟ ਇਹ ਬਾਗ ਵੇਖ ਕੇ ਅਤਿ-ਅਚੰਭਿਤ ਹੋ ਗਈਆਂ ਅਤੇ ਆਪਣੇ ਦੌਰੇ ਨੂੰ ਸਭ ਤੋਂ ਯਾਦਗਾਰੀ ਦੱਸਿਆ। ਇਸ ਮੌਕੇ, ਸਪੀਕਰ ਸੰਧਵਾਂ ਨੇ ਉਨ੍ਹਾਂ ਨਾਲ ਹੋਰ ਵੀ ਕਈ ਮਹੱਤਵਪੂਰਨ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ।

ਕੈਰੋਲਾਈਨ ਰੋਵੈੱਟ ਨੇ ਸਪੀਕਰ ਸੰਧਵਾਂ ਨੂੰ ਇੱਕ ਟੇਬਲ ਕੈਲੈਂਡਰ ਭੇਟ ਕੀਤਾ, ਜਿਸ ਵਿੱਚ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਮੇਤ ਵੱਖ-ਵੱਖ ਸ਼ਹਿਰਾਂ ਦੀਆਂ ਸੁੰਦਰ ਤਸਵੀਰਾਂ ਦਰਸਾਈਆਂ ਗਈਆਂ ਸਨ। ਇਸ ਮੌਕੇ ਸ. ਸੰਧਵਾਂ ਨੇ ਉਨ੍ਹਾਂ ਨੂੰ ਸ਼ਾਲ, ਸਨਮਾਨ ਪੱਤਰ ਅਤੇ ਆਪਣੇ ਬਾਗ ‘ਚ ਉਗਾਈਆਂ ਜੈਵਿਕ ਸਬਜ਼ੀਆਂ ਦੀ ਟੋਕਰੀ ਭੇਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ