ਯੁਵਕਾਂ ਨੂੰ ਲਿਖਤੀ ਅਤੇ ਫਿਜ਼ੀਕਲ ਟੈਸਟ ਦੀ ਮੁਫ਼ਤ ਟ੍ਰੇਨਿੰਗ ਲਈ ਕੈਂਪ ਰਜਿਸਟੇਸ਼ਨ

1

ਫਰੀਦਕੋਟ, 16 ਸਤੰਬਰ 2026 AJ DI Awaaj

Punjab Desk :   ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਫਿਰੋਜ਼ਪੁਰ ਦੇ ਕੈਂਪ ਟ੍ਰੇਨਿੰਗ ਅਫ਼ਸਰ ਕੈਪਟਨ ਰਿਟਾਇਰਡ ਗੁਰਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਵਿੱਚ ਵੱਡੀ ਗਿਣਤੀ ਵਿੱਚ ਭਰਤੀਆਂ ਲਈ ਪ੍ਰਕਿਰਿਆ ਚਲਾਈ ਜਾ ਰਹੀ ਹੈ। ਇਨ੍ਹਾਂ ਭਰਤੀਆਂ ਲਈ ਰਜਿਸਟ੍ਰੇਸ਼ਨ ਸਤੰਬਰ ਅਤੇ ਅਕਤੂਬਰ 2026 ਦੌਰਾਨ ਹੋਣ ਜਾ ਰਹੀ ਹੈ। ਇਨ੍ਹਾਂ ਭਰਤੀਆਂ ਵਿੱਚ ਭਾਗ ਲੈਣ ਵਾਲੇ ਲੜਕਿਆਂ ਨੂੰ ਲਿਖਤੀ ਪੇਪਰ ਅਤੇ ਫਿਜ਼ੀਕਲ ਟੈਸਟ ਦੀ ਤਿਆਰੀ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਬਿਲਕੁੱਲ ਮੁਫ਼ਤ ਕਰਵਾਈ ਜਾਵੇਗੀ।

ਉਨ੍ਹਾਂ ਦੱਸਿਆ ਕਿ ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਅਤੇ ਮੋਗਾ ਜ਼ਿਲ੍ਹਿਆਂ ਦੇ ਜਿਹੜੇ ਯੁਵਕ ਉਪਰੋਕਤ ਭਰਤੀਆਂ ਲਈ ਲਿਖਤੀ ਅਤੇ ਫਿਜ਼ੀਕਲ ਟੈਸਟ ਦੀ ਤਿਆਰੀ ਕਰਨਾ ਚਾਹੁੰਦੇ ਹਨ, ਉਹ ਜਲਦ ਤੋਂ ਜਲਦ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਆਪਣਾ ਨਾਮ ਦਰਜ ਕਰਵਾਉਣ ਲਈ ਰਿਪੋਰਟ ਕਰਨ। ਯੁਵਕ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 9:30 ਵਜੇ ਤੋਂ 11:30 ਵਜੇ ਤੱਕ ਕੈਂਪ ਵਿਖੇ ਰਿਪੋਰਟ ਕਰ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਕੈਂਪ ਵਿਖੇ ਨਾਮ ਦਰਜ ਕਰਵਾਉਣ ਜਾਂ ਟ੍ਰੇਨਿੰਗ ਲੈਣ ਸਮੇਂ ਯੁਵਕ ਆਪਣੇ ਨਾਲ ਉਪਰੋਕਤ ਭਰਤੀ ਲਈ ਆਨਲਾਈਨ ਅਪਲਾਈ ਕੀਤੇ ਫਾਰਮ ਦੀ ਫੋਟੋ ਕਾਪੀ, ਦਸਵੀਂ ਜਮਾਤ ਦਾ ਅਸਲ ਸਰਟੀਫਿਕੇਟ ਅਤੇ ਉਸ ਦੀ ਫੋਟੋ ਕਾਪੀ, ਪੰਜਾਬ ਰੈਜ਼ੀਡੈਂਸ ਸਰਟੀਫਿਕੇਟ ਦੀ ਫੋਟੋ ਕਾਪੀ, ਜਾਤੀ ਸਰਟੀਫਿਕੇਟ ਦੀ ਫੋਟੋ ਕਾਪੀ, ਆਧਾਰ ਕਾਰਡ ਦੀ ਫੋਟੋ ਕਾਪੀ, ਚਾਲੂ ਬੈਂਕ ਖਾਤੇ ਦੀ ਫੋਟੋ ਕਾਪੀ ਅਤੇ ਇੱਕ ਪਾਸਪੋਰਟ ਸਾਈਜ਼ ਫੋਟੋ ਨਾਲ ਲੈ ਕੇ ਆਉਣ। ਇਸ ਤੋਂ ਇਲਾਵਾ ਯੁਵਕ ਆਪਣੇ ਨਾਲ ਇੱਕ ਕਾਪੀ, ਪੈੱਨ, ਖਾਣਾ ਖਾਣ ਲਈ ਬਰਤਨ ਅਤੇ ਰਹਿਣ ਲਈ ਬਿਸਤਰਾ ਆਦਿ ਵੀ ਲੈ ਕੇ ਆਉਣ।

ਕੈਪਟਨ (ਰਿਟਾਇਰਡ) ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਕੈਂਪ ਵਿੱਚ ਰਹਿਣ ਦੌਰਾਨ ਯੁਵਕਾਂ ਨੂੰ ਖਾਣਾ ਅਤੇ ਰਹਾਇਸ਼ ਬਿਲਕੁੱਲ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ ਅਤੇ ਫਿਜ਼ੀਕਲ ਟ੍ਰੇਨਿੰਗ ਲਈ ਕਿਸੇ ਵੀ ਕਿਸਮ ਦੀ ਫੀਸ ਨਹੀਂ ਲਈ ਜਾਵੇਗੀ। ਉਨ੍ਹਾਂ ਯੋਗ ਅਤੇ ਇੱਛੁਕ ਯੁਵਕਾਂ ਨੂੰ ਇਸ ਮੁਫ਼ਤ ਟ੍ਰੇਨਿੰਗ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਸਮੇਂ ਸਿਰ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਰਿਪੋਰਟ ਕਰਨ ਦੀ ਅਪੀਲ ਕੀਤੀ। ਵਧੇਰੇ ਜਾਣਕਾਰੀ ਲਈ ਯੁਵਕ 73476-66557 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।