ਰੂਪਨਗਰ, 10 ਸਤੰਬਰ 2026 AJ DI Awaaj
Punjab Desk : ਲੋਕਾਂ ਨੂੰ ਵਿੱਤੀ ਮਾਮਲਿਆਂ ਸਬੰਧੀ ਜਾਗਰੂਕ ਕਰਨ ਅਤੇ ਬੈਂਕਿੰਗ ਸੇਵਾਵਾਂ ਦਾ ਸਹੀ ਢੰਗ ਨਾਲ ਲਾਭ ਲੈਣ ਲਈ ਪਪਰਾਲਾ ਵਿਖੇ ਪੰਜਾਬ ਗ੍ਰਾਮੀਣ ਬੈਂਕ ਅਤੇ ਕ੍ਰਿਫਿਲ ਦੇ ਸਹਿਯੋਗ ਨਾਲ ਵਿੱਤੀ ਸਾਖਰਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਹਾਜ਼ਰ ਲੋਕਾਂ ਨੂੰ ਵਿੱਤੀ ਸਾਖਰਤਾ, ਬੈਂਕਿੰਗ ਸੇਵਾਵਾਂ ਅਤੇ ਸੁਰੱਖਿਅਤ ਵਿੱਤੀ ਲੈਣ-ਦੇਣ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ।
ਕੈਂਪ ਵਿੱਚ ਭਾਰਤੀ ਰਿਜ਼ਰਵ ਬੈਂਕ ਦੇ ਐੱਲ.ਡੀ.ਓ. ਅਧਿਕਾਰੀ ਸ੍ਰੀ ਪ੍ਰਾਚੀ, ਯੂਕੋ ਬੈਂਕ ਦੇ ਅਗਵਾਈ ਜ਼ਿਲ੍ਹਾ ਪ੍ਰਬੰਧਕ ਸ੍ਰੀ ਪ੍ਰਫੁੱਲ ਸੇਤੀਆ ਅਤੇ ਪੰਜਾਬ ਗ੍ਰਾਮੀਣ ਬੈਂਕ ਦਾ ਸਮੂਹ ਸਟਾਫ਼ ਅਰੁਣ ਕੁਮਾਰ, ਸੰਦੀਪ ਅਤੇ ਮੋਨਿਕਾ ਵੀ ਹਾਜ਼ਰ ਰਿਹਾ।
ਮਾਹਿਰਾਂ ਵੱਲੋਂ ਲੋਕਾਂ ਨੂੰ ਬੈਂਕ ਖਾਤਿਆਂ ਦੀ ਸਹੀ ਵਰਤੋਂ, ਬੱਚਤ ਦੀ ਮਹੱਤਤਾ, ਕਰਜ਼ਾ ਲੈਣ ਸਮੇਂ ਲੋੜੀਂਦੀਆਂ ਸਾਵਧਾਨੀਆਂ, ਸਮੇਂ ਸਿਰ ਕਰਜ਼ੇ ਦੀ ਅਦਾਇਗੀ ਅਤੇ ਵਿੱਤੀ ਯੋਜਨਾਬੰਦੀ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਡਿਜ਼ੀਟਲ ਬੈਂਕਿੰਗ ਅਤੇ ਆਨਲਾਈਨ ਵਿੱਤੀ ਲੈਣ-ਦੇਣ ਦੌਰਾਨ ਸਾਵਧਾਨ ਰਹਿਣ, ਕਿਸੇ ਅਣਜਾਣ ਵਿਅਕਤੀ ਨਾਲ ਬੈਂਕਿੰਗ ਜਾਣਕਾਰੀ, ਗੁਪਤ ਨੰਬਰ ਜਾਂ ਪ੍ਰਮਾਣਿਕਤਾ ਕੋਡ ਸਾਂਝਾ ਨਾ ਕਰਨ ਅਤੇ ਧੋਖਾਧੜੀ ਤੋਂ ਬਚਣ ਲਈ ਜ਼ਰੂਰੀ ਸਾਵਧਾਨੀਆਂ ਵਰਤਣ ਸਬੰਧੀ ਵੀ ਜਾਗਰੂਕ ਕੀਤਾ ਗਿਆ।
ਕੈਂਪ ਦੌਰਾਨ ਹਾਜ਼ਰ ਲੋਕਾਂ ਵੱਲੋਂ ਵਿੱਤੀ ਸੇਵਾਵਾਂ ਅਤੇ ਬੈਂਕਿੰਗ ਸਬੰਧੀ ਵੱਖ-ਵੱਖ ਸਵਾਲ ਵੀ ਪੁੱਛੇ ਗਏ, ਜਿਨ੍ਹਾਂ ਦੇ ਮਾਹਿਰਾਂ ਵੱਲੋਂ ਤਸੱਲੀਬਖ਼ਸ਼ ਜਵਾਬ ਦਿੱਤੇ ਗਏ। ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਵਿੱਤੀ ਸਾਖਰਤਾ ਕੈਂਪ ਲੋਕਾਂ ਨੂੰ ਆਪਣੇ ਪੈਸੇ ਦੀ ਸੁਰੱਖਿਅਤ ਅਤੇ ਸਮਝਦਾਰੀ ਨਾਲ ਵਰਤੋਂ ਕਰਨ ਦੇ ਨਾਲ-ਨਾਲ ਉਪਲਬਧ ਬੈਂਕਿੰਗ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਕੈਂਪ ਦੌਰਾਨ ਲੋਕਾਂ ਨੂੰ ਵਿੱਤੀ ਤੌਰ ’ਤੇ ਜਾਗਰੂਕ ਅਤੇ ਮਜ਼ਬੂਤ ਬਣਾਉਣ ਲਈ ਅਜਿਹੇ ਉਪਰਾਲੇ ਲਗਾਤਾਰ ਜਾਰੀ ਰੱਖਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਗਿਆ।



















