ਰੂਪਨਗਰ, 9 ਸਤੰਬਰ 2026 AJ DI Awaaj
Punjab Desk : ਜ਼ਿਲ੍ਹਾ ਰੂਪਨਗਰ ਵਿੱਚ ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਸਖ਼ਤ ਰੁਖ਼ ਅਖਤਿਆਰ ਕਰਦਿਆ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਅਦਿੱਤਿਆ ਡੇਚਲਵਾਲ, ਆਈ.ਏ.ਐਸ. ਨੇ ਸਪੱਸ਼ਟ ਕੀਤਾ ਕਿ ਗੈਰ-ਕਾਨੂੰਨੀ ਮਾਈਨਿੰਗ, ਖਣਿਜਾਂ ਦੀ ਗੈਰ-ਕਾਨੂੰਨੀ ਢੋਆ-ਢੁਆਈ ਅਤੇ ਸਟੋਰੇਜ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਜ਼ਿਲ੍ਹੇ ਵਿੱਚ ਤੁਰੰਤ ਪ੍ਰਭਾਵ ਨਾਲ ਵਿਸਥਾਰਤ ਸਟੈਂਡਿੰਗ ਆਰਡਰ ਜਾਰੀ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ “ਗੈਰ-ਕਾਨੂੰਨੀ ਮਾਈਨਿੰਗ ਸਿਰਫ਼ ਕਾਨੂੰਨ ਦੀ ਉਲੰਘਣਾ ਨਹੀਂ, ਸਗੋਂ ਸਾਡੇ ਦਰਿਆਵਾਂ, ਵਾਤਾਵਰਣ ਅਤੇ ਕੁਦਰਤੀ ਸਰੋਤਾਂ ਨੂੰ ਨੁਕਸਾਨ ਹੈ। ਗੈਰ-ਕਾਨੂੰਨੀ ਖੁਦਾਈ ਕਰਨ ਵਾਲੇ ਦੇ ਨਾਲ-ਨਾਲ ਇਸ ਦੀ ਢੋਆ-ਢੁਆਈ, ਸਟੋਰੇਜ ਜਾਂ ਸਹਾਇਤਾ ਕਰਨ ਵਾਲਿਆਂ ਖ਼ਿਲਾਫ਼ ਵੀ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਹੋਵੇਗੀ।”
ਡਿਪਟੀ ਕਮਿਸ਼ਨਰ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿੱਚ ਜ਼ਿਲ੍ਹਾ ਪੱਧਰੀ ਮਾਈਨਿੰਗ ਇਨਫੋਰਸਮੈਂਟ ਟਾਸਕ ਫੋਰਸ ਦਾ ਗਠਨ ਕੀਤਾ ਜਾ ਚੁੱਕਾ ਹੈ ਜਿਸ ਵਿੱਚ ਐਸ.ਐਸ.ਪੀ., ਏ.ਡੀ.ਸੀ., ਮਾਈਨਿੰਗ, ਜੰਗਲਾਤ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਟਰਾਂਸਪੋਰਟ, ਡਰੇਨੇਜ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹਨ। ਇਸੇ ਤਰ੍ਹਾਂ ਪੰਜਾਂ ਸਬ-ਡਵੀਜ਼ਨਾਂ ਰੂਪਨਗਰ, ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਚਮਕੌਰ ਸਾਹਿਬ, ਮੋਰਿੰਡਾ ਅਤੇ ਨੰਗਲ ਵਿੱਚ ਐਸ.ਡੀ.ਐਮ. ਦੀ ਅਗਵਾਈ ਹੇਠ ਟਾਸਕ ਫੋਰਸਾਂ ਕੰਮ ਕਰਨਗੀਆਂ।
ਉਨ੍ਹਾਂ ਕਿਹਾ ਕਿ ਫਲਾਇੰਗ ਸਕੁਐਡਾਂ ਰਾਹੀਂ ਅਚਨਚੇਤ ਚੈਕਿੰਗ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਮਾਈਨਿੰਗ ਸਾਈਟਾਂ, ਦਰਿਆਈ ਖੇਤਰਾਂ, ਸੰਵੇਦਨਸ਼ੀਲ ਥਾਵਾਂ ਅਤੇ ਖਣਿਜਾਂ ਦੀ ਢੋਆ-ਢੁਆਈ ਵਾਲੇ ਰੂਟਾਂ ’ਤੇ ਦਿਨ-ਰਾਤ ਨਿਗਰਾਨੀ ਕੀਤੀ ਜਾਵੇਗੀ। ਹਰ ਸਬ-ਡਵੀਜ਼ਨ ਵਿੱਚ ਨਿਯਮਤ ਸਾਂਝੀਆਂ ਅਤੇ ਨਿੱਜੀ ਫੀਲਡ ਇੰਸਪੈਕਸ਼ਨਾਂ ਨੂੰ ਲਾਜ਼ਮੀ ਕੀਤਾ ਗਿਆ ਹੈ।
24×7 ਕੰਟਰੋਲ ਰੂਮ, ਸੀਸੀਟੀਵੀ ਤੇ ਏਐਨਪੀਆਰ ਨਾਲ ਨਿਗਰਾਨੀ ਕਰਨ ਬਾਰੇ ਜਾਣਕਾਰੀ ਦਿੰਦਿਆ ਅਦਿੱਤਿਆ ਡੇਚਲਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 24×7 ਮਾਈਨਿੰਗ ਕੰਟਰੋਲ ਰੂਮ ਸਥਾਪਿਤ ਕੀਤਾ ਜਾਵੇਗਾ। ਹਰ ਸ਼ਿਕਾਇਤ ਨੂੰ ਦਰਜ ਕਰਕੇ ਉਸ ’ਤੇ ਕੀਤੀ ਕਾਰਵਾਈ ਨੂੰ ਟਰੈਕ ਕੀਤਾ ਜਾਵੇਗਾ। ਮਹੱਤਵਪੂਰਨ ਚੈਕ-ਪੋਸਟਾਂ ’ਤੇ ਨਾਈਟ ਵਿਜ਼ਨ ਕੈਮਰੇ ਅਤੇ ਆਟੋਮੈਟਿਕ ਨੰਬਰ ਪਲੇਟ ਸ਼ਨਾਖਤ ਰਾਹੀਂ ਮਾਈਨਿੰਗ ਕਰਨ ਵਾਲੇ ਵਾਹਨਾਂ ਦੀ ਨਿਗਰਾਨੀ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਕਾਰਵਾਈ ਸਿਰਫ਼ ਟਿੱਪਰ, ਟਰੈਕਟਰ ਜਾਂ ਮਸ਼ੀਨਰੀ ਜ਼ਬਤ ਕਰਨ ਤੱਕ ਸੀਮਤ ਨਹੀਂ ਰਹੇਗੀ। ਜਿੱਥੇ ਲਾਗੂ ਹੋਵੇ, ਗੈਰ-ਕਾਨੂੰਨੀ ਮਾਈਨਿੰਗ ਪਿੱਛੇ ਅਸਲ ਲਾਭਪਾਤਰੀ ਅਤੇ ਫਾਇਨੈਂਸਰ ਤੱਕ ਜਾਂਚ ਕੀਤੀ ਜਾਵੇਗੀ। ਗੈਰ-ਕਾਨੂੰਨੀ ਤੌਰ ’ਤੇ ਕੱਢੇ ਖਣਿਜ ਦੀ ਕੀਮਤ, ਰਾਇਲਟੀ ਅਤੇ ਵਾਤਾਵਰਣੀ ਨੁਕਸਾਨ ਦੀ ਭਰਪਾਈ ਵੀ ਕਾਨੂੰਨ ਅਨੁਸਾਰ ਵਸੂਲੀ ਜਾਵੇਗੀ।
ਡੀ.ਸੀ. ਨੇ ਕਿਹਾ ਕਿ ਗੈਰ-ਕਾਨੂੰਨੀ ਮਾਈਨਿੰਗ ਵਿੱਚ ਕਿਸੇ ਅਧਿਕਾਰੀ ਦੀ ਮਿਲੀਭੁਗਤ, ਸੁਰੱਖਿਆ ਜਾਂ ਡਿਊਟੀ ਵਿੱਚ ਲਾਪਰਵਾਹੀ ਸਾਹਮਣੇ ਆਉਣ ’ਤੇ ਉਸ ਦੀ ਵੀ ਜਵਾਬਦੇਹੀ ਤੈਅ ਕੀਤੀ ਜਾਵੇਗੀ।



















