ਲਾਲੜੂ ਵਿੱਚ 47.54 ਕਰੋੜ ਦਾ ਸੀਵਰੇਜ ਪ੍ਰਾਜੈਕਟ ਸ਼ੁਰੂ

20

ਲਾਲੜੂ 08 Sep 2026 AJ DI Awaaj

Punjab Desk   : ਲਾਲੜੂ ਸ਼ਹਿਰ ਵਿੱਚ ਸੀਵਰੇਜ ਅਤੇ ਗੰਦੇ ਪਾਣੀ ਦੀ ਨਿਕਾਸੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ 47.54 ਕਰੋੜ ਰੁਪਏ ਦੀ ਲਾਗਤ ਵਾਲੇ ਵਿਆਪਕ ਸੀਵਰੇਜ ਅਤੇ ਗੰਦੇ ਪਾਣੀ ਦੇ ਟਰੀਟਮੈਂਟ ਪ੍ਰਾਜੈਕਟ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਹ ਪ੍ਰਾਜੈਕਟ ਸਵੱਛ ਭਾਰਤ ਮਿਸ਼ਨ (ਐੱਸ.ਬੀ.ਐੱਮ.) 2.0 ਤਹਿਤ ਲਿਆਂਦਾ ਗਿਆ ਹੈ।

ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪ੍ਰਾਜੈਕਟ ਦੇ ਕੰਮ ਦੀ ਸ਼ੁਰੂਆਤ ਕਰਵਾਈ। ਪ੍ਰਾਜੈਕਟ ਨੂੰ 18 ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਪ੍ਰਾਜੈਕਟ ਤਹਿਤ ਲਾਲੜੂ ਵਿੱਚ ਕਰੀਬ 9 ਕਿਲੋਮੀਟਰ ਸੀਵਰੇਜ ਲਾਈਨਾਂ ਅਤੇ 12.7 ਕਿਲੋਮੀਟਰ ਰਾਈਜ਼ਿੰਗ ਮੇਨ ਨੈੱਟਵਰਕ ਵਿਛਾਇਆ ਜਾਵੇਗਾ। ਪਿੰਡ ਮਗਰਾ ਵਿੱਚ 3 ਐੱਮ.ਐੱਲ.ਡੀ. ਸਮਰੱਥਾ ਵਾਲਾ ਸੀਵਰੇਜ ਟਰੀਟਮੈਂਟ ਪਲਾਂਟ (ਐੱਸ.ਟੀ.ਪੀ.) ਅਤੇ ਵੇਰਕਾ ਬੂਥ ਦੇ ਪਿੱਛੇ 3.5 ਐੱਮ.ਐੱਲ.ਡੀ. ਸਮਰੱਥਾ ਵਾਲਾ ਫੀਕਲ ਸਲੱਜ ਟਰੀਟਮੈਂਟ ਪਲਾਂਟ (ਐੱਫ.ਐੱਸ.ਟੀ.ਪੀ.) ਵੀ ਸਥਾਪਿਤ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਪ੍ਰਾਜੈਕਟ ਵਿੱਚ ਇੰਟਰਸੈਪਟਿੰਗ ਐਂਡ ਡਾਇਵਰਜ਼ਨ ਸੀਵਰ, ਇੰਟਰਮੀਡੀਏਟ ਪੰਪਿੰਗ ਸਟੇਸ਼ਨ ਅਤੇ ਮੇਨ ਪੰਪਿੰਗ ਸਟੇਸ਼ਨ ਵੀ ਸ਼ਾਮਲ ਹਨ। ਇਸ ਨਾਲ ਸੀਵਰੇਜ ਦੀ ਇਕੱਤਰਤਾ, ਢੋਆ-ਢੁਆਈ ਅਤੇ ਟਰੀਟਮੈਂਟ ਲਈ ਏਕੀਕ੍ਰਿਤ ਪ੍ਰਣਾਲੀ ਵਿਕਸਿਤ ਹੋਵੇਗੀ।

ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਪ੍ਰਾਜੈਕਟ ਲਾਲੜੂ ਦੇ ਸੈਨੀਟੇਸ਼ਨ ਢਾਂਚੇ ਵਿੱਚ ਵੱਡਾ ਸੁਧਾਰ ਲਿਆਏਗਾ। ਇਸ ਨਾਲ ਸ਼ਹਿਰ ਵਾਸੀਆਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਮਿਲਣ ਦੇ ਨਾਲ ਜਨਤਕ ਸਿਹਤ ਅਤੇ ਵਾਤਾਵਰਣ ਵਿੱਚ ਵੀ ਸੁਧਾਰ ਹੋਵੇਗਾ।

ਇਸ ਮੌਕੇ ਨਗਰ ਕੌਂਸਲ ਪ੍ਰਧਾਨ ਜੋਰਾਵਰ ਸਿੰਘ, ਸੀਨੀਅਰ ਮੀਤ ਪ੍ਰਧਾਨ ਹਰੀਸ਼ ਮਦਾਨ, ਕੌਂਸਲਰਾਂ, ਵਾਰਡ ਇੰਚਾਰਜਾਂ, ਪੰਚਾਂ-ਸਰਪੰਚਾਂ, ਪਾਰਟੀ ਨੁਮਾਇੰਦਿਆਂ, ਇਲਾਕਾ ਵਾਸੀਆਂ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।