ਬਰਨਾਲਾ/ਧਨੌਲਾ, 3 ਸਤੰਬਰ 2026 AJ DI Awaaj
Punjab Desk : ਸਿਵਲ ਸਰਜਨ ਬਰਨਾਲਾ ਡਾ. ਹਰੀ ਪਾਲ ਸਿੰਘ ਸਿੱਧੂ ਦੇ ਹੁਕਮਾਂ ਅਨੁਸਾਰ, ਅੰਨ੍ਹੇਪਣ ਨੂੰ ਕੰਟਰੋਲ ਕਰਨ ਲਈ ਰਾਸ਼ਟਰੀ ਪ੍ਰੋਗਰਾਮ ਤਹਿਤ ਬਲਾਕ ਧਨੌਲਾ ਦੇ ਸੰਘੇੜਾ ਵਿਖੇ ਅੱਜ 45 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਅੱਖਾਂ ਦੀ ਮੁਫ਼ਤ ਜਾਂਚ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਦੌਰਾਨ ਮਰੀਜ਼ਾਂ ਨੂੰ ਨੇੜ੍ਹੇ ਦੀ ਨਿਗਾਹ ਦੀਆਂ ਐਨਕਾਂ ਅਤੇ ਦਵਾਈਆਂ ਮੁਫ਼ਤ ਵੰਡੀਆਂ ਗਈਆਂ।
ਸੀ.ਐੱਚ.ਸੀ ਧਨੌਲਾ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵੰਤ ਸਿੰਘ ਔਜਲਾ ਦੀ ਰਹਿਨੁਮਾਈ ਵਿੱਚ ਐੱਸ.ਐੱਮ.ਓ ਦਾ ਕਾਰਜਭਾਰ ਸੰਭਾਲ ਰਹੇ ਡਾ. ਵਿਸ਼ਾਲਵੀਰ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਹਰਜੀਤ ਸਿੰਘ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ ਗਈ। ਉਹਨਾਂ ਦੱਸਿਆ ਕਿ ਕੈਂਪ ਵਿਚ 118 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ 10 ਲੋੜ੍ਹਵੰਦ ਮਰੀਜ਼ਾਂ ਅਤੇ ਆਯੁਸ਼ਮਾਨ ਕਾਰਡ ਧਾਰਕਾਂ ਦਾ ਮੋਤੀਆ ਬਿੰਦ ਦਾ ਆਪਰੇਸ਼ਨ ਸਿਵਲ ਹਸਪਤਾਲ ਬਰਨਾਲਾ ਵਿਖੇ ਬਿਲਕੁਲ ਮੁਫ਼ਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਸੰਘੇੜਾ ਦੇ ਗੁਰਦੁਆਰਾ ਅੱਕੀ ਪੱਤੀ ਸਾਹਿਬ ਵਿਖੇ ਲੱਗੇ ਇਸ ਕੈਂਪ ਵਿਚ ਡਾ. ਦੀਪਤੀ ਨੇ 61 ਮਰੀਜ਼ਾਂ ਨੂੰ ਮੁਫ਼ਤ ਐਨਕਾਂ ਵੀ ਵੰਡੀਆਂ।
ਆਪਥੈਲਮਿਕ ਅਫ਼ਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਅੱਖਾਂ ਨਾਲ ਸਬੰਧਤ ਕਿਸੇ ਵੀ ਸਮੱਸਿਆ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਸਮੇਂ ਸਿਰ ਜਾਂਚ ਕਰਵਾਉਣ ਨਾਲ ਕਈ ਗੰਭੀਰ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਇਸ ਲਈ ਸਿਹਤ ਵਿਭਾਗ ਬਰਨਾਲਾ ਵੱਲੋਂ ਅੰਨ੍ਹੇਪਣ ਦੇ ਨਿਯੰਤਰਣ ਲਈ ਚਲਾਏ ਜਾ ਰਹੇ ਰਾਸ਼ਟਰੀ ਪ੍ਰੋਗਰਾਮ ਤਹਿਤ ਅੱਖਾਂ ਦੀ ਜਾਂਚ ਲਈ ਜ਼ਿਲ੍ਹੇ ਦੇ ਹੋਰ ਪਿੰਡਾਂ ਵਿਚ ਵੀ ਕੈਂਪ ਲਗਾਏ ਜਾਣੇ ਹਨ ਜਿਨ੍ਹਾਂ ਬਾਰੇ ਸਮੇਂ-ਸਮੇਂ ‘ਤੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਉਹਨਾਂ ਯੋਗ ਲਾਭਪਾਤਰੀਆਂ ਨੂੰ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।
ਇਸ ਮੌਕੇ ਐੱਸ.ਆਈ ਭੁਪਿੰਦਰ ਸਿੰਘ, ਸੀ.ਐੱਚ.ਓ ਸੰਦੀਪ ਕੌਰ, ਏ.ਐੱਨ.ਐੱਮ ਸੁਖਜੀਤ ਕੌਰ, ਮਲਟੀਪਰਪਜ਼ ਹੈਲਥ ਵਰਕਰ ਕੁਲਦੀਪ ਸਿੰਘ ਅਤੇ ਆਸ਼ਾ ਵਰਕਰ ਹਰਜਿੰਦਰ ਕੌਰ ਹਾਜ਼ਰ ਸਨ।



















