ਜ਼ਿਲ੍ਹਾ ਫ਼ਰੀਦਕੋਟ ਵਿੱਚ ਬਲਾਕ ਪੱਧਰੀ ਖੇਡਾਂ 8 ਤੋਂ 10 ਸਤੰਬਰ ਤੱਕ

2
ਫ਼ਰੀਦਕੋਟ, 29 ਅਗਸਤ 2026 AJ DI Awaaj
Punjab Desk  : ਪੰਜਾਬ ਸਰਕਾਰ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਫ਼ਰੀਦਕੋਟ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ-2026 ਸੀਜ਼ਨ-4 ਤਹਿਤ ਟਾਰਚ ਰਿਲੇਅ ਅਤੇ ਬਲਾਕ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਵਿੱਚ ਵੱਖ-ਵੱਖ ਉਮਰ ਵਰਗਾਂ ਦੇ ਖਿਡਾਰੀ ਭਾਗ ਲੈਣਗੇ।
ਜ਼ਿਲ੍ਹਾ ਖੇਡ ਅਫ਼ਸਰ ਫ਼ਰੀਦਕੋਟ ਸ੍ਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਟਾਰਚ ਰਿਲੇਅ 3 ਅਗਸਤ 2026 ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਫ਼ਰੀਦਕੋਟ ਪਹੁੰਚੇਗੀ, ਜਿਸ ਨੂੰ ਜ਼ਿਲ੍ਹਾ ਪ੍ਰਸ਼ਾਸਨ, ਸੀਨੀਅਰ ਖਿਡਾਰੀਆਂ ਅਤੇ ਕੋਚਾਂ ਵੱਲੋਂ ਰਿਸੀਵ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫ਼ਰੀਦਕੋਟ ਵਿੱਚ ਬਲਾਕ ਪੱਧਰੀ ਖੇਡਾਂ 8 ਸਤੰਬਰ ਤੋਂ 10 ਸਤੰਬਰ 2026 ਤੱਕ ਵੱਖ-ਵੱਖ ਖੇਡ ਮੈਦਾਨਾਂ ਵਿੱਚ ਕਰਵਾਈਆਂ ਜਾਣਗੀਆਂ। ਬਲਾਕ ਫ਼ਰੀਦਕੋਟ ਦੇ ਮੁਕਾਬਲੇ ਨਹਿਰੂ ਸਟੇਡੀਅਮ, ਫ਼ਰੀਦਕੋਟ ਅਤੇ ਸੁੱਖਣਵਾਲਾ ਪਲੇਅਗਰਾਊਂਡ ਵਿਖੇ, ਬਲਾਕ ਕੋਟਕਪੂਰਾ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀਨੌ ਅਤੇ ਹਰੀਨੌ ਪਲੇਅਗਰਾਊਂਡ ਵਿਖੇ ਅਤੇ ਬਲਾਕ ਜੈਤੋ ਦੇ ਮੁਕਾਬਲੇ ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਅਤੇ ਪਿੰਡ ਮੱਤਾ ਪਲੇਅਗਰਾਊਂਡ ਵਿਖੇ ਕਰਵਾਏ ਜਾਣਗੇ।
ਬਲਾਕ ਪੱਧਰੀ ਖੇਡਾਂ ਵਿੱਚ ਫੁੱਟਬਾਲ, ਕਬੱਡੀ ਨੈਸ਼ਨਲ ਸਟਾਈਲ, ਕਬੱਡੀ ਸਰਕਲ ਸਟਾਈਲ ਅਤੇ ਖੋ-ਖੋ ਦੇ ਮੁਕਾਬਲੇ ਅੰਡਰ-14, ਅੰਡਰ-17, ਅੰਡਰ-21, 21 ਤੋਂ 30 ਅਤੇ 31 ਤੋਂ 40 ਸਾਲ ਉਮਰ ਵਰਗ ਵਿੱਚ ਕਰਵਾਏ ਜਾਣਗੇ। ਇਸ ਤੋਂ ਇਲਾਵਾ ਅਥਲੈਟਿਕਸ, ਵਾਲੀਬਾਲ ਸਮੈਸ਼ਿੰਗ ਅਤੇ ਵਾਲੀਬਾਲ ਸ਼ੂਟਿੰਗ ਦੇ ਮੁਕਾਬਲੇ ਅੰਡਰ-14, ਅੰਡਰ-17, ਅੰਡਰ-21, 21 ਤੋਂ 30, 31 ਤੋਂ 40, 41 ਤੋਂ 50, 51 ਤੋਂ 60, 61 ਤੋਂ 70 ਅਤੇ 70 ਸਾਲ ਤੋਂ ਉੱਪਰ ਦੇ ਉਮਰ ਵਰਗਾਂ ਵਿੱਚ ਕਰਵਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਖੇਡਾਂ ਵਿੱਚ ਭਾਗ ਲੈਣ ਲਈ ਉਮਰ ਵਰਗਾਂ ਦੇ ਮਾਪਦੰਡ ਨਿਰਧਾਰਤ ਕੀਤੇ ਗਏ ਹਨ। ਅੰਡਰ-14 ਜੂਨੀਅਰ ਵਰਗ ਵਿੱਚ 1 ਜਨਵਰੀ 2013 ਜਾਂ ਇਸ ਤੋਂ ਬਾਅਦ ਜਨਮੇ ਖਿਡਾਰੀ, ਅੰਡਰ-17 ਜੂਨੀਅਰ ਵਰਗ ਵਿੱਚ 1 ਜਨਵਰੀ 2010 ਤੋਂ 31 ਦਸੰਬਰ 2012 ਤੱਕ ਜਨਮੇ ਖਿਡਾਰੀ ਅਤੇ ਅੰਡਰ-21 ਜੂਨੀਅਰ ਵਰਗ ਵਿੱਚ 1 ਜਨਵਰੀ 2006 ਤੋਂ 31 ਦਸੰਬਰ 2009 ਤੱਕ ਜਨਮੇ ਖਿਡਾਰੀ ਭਾਗ ਲੈ ਸਕਣਗੇ।
ਇਸੇ ਤਰ੍ਹਾਂ 21 ਤੋਂ 30 ਸਾਲ ਉਮਰ ਵਰਗ ਵਿੱਚ 1 ਜਨਵਰੀ 1996 ਤੋਂ 31 ਦਸੰਬਰ 2005 ਤੱਕ, 31 ਤੋਂ 40 ਸਾਲ ਉਮਰ ਵਰਗ ਵਿੱਚ 1 ਜਨਵਰੀ 1986 ਤੋਂ 31 ਦਸੰਬਰ 1995 ਤੱਕ, 41 ਤੋਂ 50 ਸਾਲ ਉਮਰ ਵਰਗ ਵਿੱਚ 1 ਜਨਵਰੀ 1976 ਤੋਂ 31 ਦਸੰਬਰ 1985 ਤੱਕ, 51 ਤੋਂ 60 ਸਾਲ ਉਮਰ ਵਰਗ ਵਿੱਚ 1 ਜਨਵਰੀ 1966 ਤੋਂ 31 ਦਸੰਬਰ 1975 ਤੱਕ, 61 ਤੋਂ 70 ਸਾਲ ਉਮਰ ਵਰਗ ਵਿੱਚ 1 ਜਨਵਰੀ 1956 ਤੋਂ 31 ਦਸੰਬਰ 1965 ਤੱਕ ਅਤੇ 70 ਸਾਲ ਤੋਂ ਉੱਪਰ ਦੇ ਵੈਟਰਨ ਵਰਗ ਵਿੱਚ 31 ਦਸੰਬਰ 1955 ਜਾਂ ਇਸ ਤੋਂ ਪਹਿਲਾਂ ਜਨਮੇ ਖਿਡਾਰੀ ਭਾਗ ਲੈ ਸਕਣਗੇ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਖੇਡਾਂ ਵਿੱਚ ਭਾਗ ਲੈਣ ਵਾਲੇ ਹਰੇਕ ਖਿਡਾਰੀ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੈ। ਰਜਿਸਟਰਡ ਖਿਡਾਰੀ ਆਪਣੇ-ਆਪਣੇ ਬਲਾਕ ਸਥਾਨ ’ਤੇ 8 ਸਤੰਬਰ 2026 ਨੂੰ ਸਵੇਰੇ 8:00 ਵਜੇ ਸਬੰਧਤ ਗੇਮ ਕਨਵੀਨਰ ਕੋਲ ਰਿਪੋਰਟ ਕਰਨਗੇ।
ਉਨ੍ਹਾਂ ਕਿਹਾ ਕਿ ਖੇਡਾਂ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਜ਼ਿਲ੍ਹਾ ਖੇਡ ਦਫ਼ਤਰ, ਫ਼ਰੀਦਕੋਟ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਖਿਡਾਰੀਆਂ ਲਈ ਖੇਡ ਵਿਭਾਗ ਵੱਲੋਂ ਡਾਈਟ/ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਉਨ੍ਹਾਂ ਜ਼ਿਲ੍ਹੇ ਦੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਇਨ੍ਹਾਂ ਖੇਡਾਂ ਵਿੱਚ ਭਾਗ ਲੈ ਕੇ ਖੇਡਾਂ ਵਤਨ ਪੰਜਾਬ ਦੀਆਂ-2026 ਨੂੰ ਸਫ਼ਲ ਬਣਾਉਣ।