ਡੇਅਰੀ ਵਿਕਾਸ ਵਿਭਾਗ ਵੱਲੋਂ ਲਗਾਇਆ ਗਿਆ ਦੁੱਧ ਖਪਤਕਾਰ ਜਾਗਰੂਕਤਾ ਕੈਂਪ

3

ਸ੍ਰੀ ਮੁਕਤਸਰ ਸਾਹਿਬ, 27 ਅਗਸਤ 2026 AJ DI Awaaj

Punjab Desk :   ਡੇਅਰੀ ਵਿਕਾਸ ਵਿਭਾਗ ਅਤੇ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, (ਲੜਕੇ), ਵਾਰਡ ਨੰਬਰ- 22, ਸ੍ਰੀ ਮੁਕਤਸਰ ਸਾਹਿਬ ਵਿਖੇ ‘ਦੁੱਧ ਸੰਪੂਰਨ ਅਤੇ ਸੰਤੁਲਿਤ ਖੁਰਾਕ’ ਸੰਬੰਧੀ ਦੁੱਧ ਖਪਤਕਾਰ ਜਾਗਰੂਕਤਾ ਸੈਮੀਨਾਰ ਅਤੇ ਕੈਂਪ ਲਗਾਇਆ ਗਿਆ।

ਇਸ ਸੈਮੀਨਾਰ ਵਿੱਚ ਹਾਜ਼ਰ ਬੱਚਿਆਂ ਨੂੰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਸ੍ਰੀ ਨਿਰਵੈਰ ਸਿੰਘ ਬਰਾੜ ਵੱਲੋਂ ਦੁੱਧ ਅਤੇ ਦੁੱਧ ਪਦਾਰਥਾਂ ਦੀ ਮਹੱਤਤਾ ਦਾ ਡੇਅਰੀ ਕਿੱਤੇ ਵਿੱਚ ਯੋਗਦਾਨ ਬਾਰੇ ਜਾਣਕਾਰੀ ਦਿੱਤੀ ਗਈ। ਡੇਅਰੀ ਵਿਕਾਸ ਇੰਸਪੈਕਟਰ ਸ਼੍ਰੀ ਅਰੁਣ ਬਾਂਸਲ ਵੱਲੋਂ ਦੁੱਧ ਦਾ ਮਨੁੱਖੀ ਜੀਵਨ ਵਿੱਚ ਰੋਲ, ਬੱਚਿਆਂ ਨੂੰ ਹਰ ਰੋਜ਼ ਦੁੱਧ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਵਾਸਤੇ ਮਹੱਤਵਪੂਰਨ ਜਾਣਕਾਰੀ ਦਿੱਤੀ ਅਤੇ ਸਿਖਿਆਰਥੀਆਂ ਨੂੰ ਦੁੱਧ ਦੀ ਬਣਤਰ ਬਾਰੇ, ਕੁਦਰਤੀ ਅਤੇ ਮਿਲਾਵਟੀ ਦੁੱਧ ਦੀ ਪਰਖ ਬਾਰੇ ਦੱਸਿਆ ਗਿਆ।

ਇਸ ਕੈਂਪ ਵਿੱਚ ਸਕੂਲ ਦੇ ਸਿਖਿਆਰਥੀਆਂ ਵੱਲੋਂ ਲਿਆਂਦੇ ਗਏ ਦੁੱਧ ਦੇ ਸੈਂਪਲਾਂ ਨੂੰ ਡੇਅਰੀ ਵਿਕਾਸ ਇੰਸਪੈਕਟਰ ਸ੍ਰੀ ਅਰੁਣ ਬਾਂਸਲ  ਵੱਲੋਂ ਚੈਕ ਕੀਤਾ ਗਿਆ। ਦੁੱਧ ਦੇ ਕੁੱਲ 40 ਸੈਂਪਲਾਂ ਵਿੱਚੋਂ 25 ਸੈਂਪਲ ਮਿਆਰਾਂ ਅਨੁਸਾਰ ਅਤੇ 15 ਸੈਂਪਲ ਮਿਆਰਾਂ ਤੋਂ ਘੱਟ ਪਾਏ ਗਏ, ਕਿਸੇ ਵੀ ਸੈਂਪਲ ਵਿੱਚ ਹਾਨੀਕਾਰਕ ਤੱਤ ਦੀ ਪੁਸ਼ਟੀ ਨਹੀਂ ਹੋਈ।

ਕੈਂਪ ਦੇ ਅੰਤ ਵਿੱਚ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਅਤੇ ਡੇਅਰੀ ਵਿਕਾਸ ਵਿਭਾਗ ਦੀ ਟੀਮ ਵੱਲੋਂ ਇਸ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਪੰਕਜ ਗਰੋਵਰ ਨੂੰ ਵਿਭਾਗੀ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ਼ ਸਕੱਤਰ ਦੀ ਜ਼ਿੰਮੇਵਾਰੀ ਡੇਅਰੀ ਵਿਕਾਸ ਇੰਸਪੈਕਟਰ ਸ੍ਰੀ ਅਰੁਣ ਬਾਂਸਲ ਵੱਲੋਂ ਨਿਭਾਈ ਗਈ। ਅੰਤ ਵਿੱਚ ਸਕੂਲ ਦੇ ਸਮੂਹ ਸਟਾਫ ਵੱਲੋਂ ਦਫਤਰ ਡੇਅਰੀ ਵਿਕਾਸ ਵਿਭਾਗ ਦੇ ਕਰਮਚਾਰੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਬੱਚਿਆਂ ਨੂੰ ਦੁੱਧ ਪ੍ਰਤੀ ਜਾਗਰੂਕ ਕਰਨ ਲਈ ਅਜਿਹੇ ਕੈਂਪ ਲਗਾਉਣ ਲਈ ਬੇਨਤੀ ਕੀਤੀ ਗਈ।