ਖਾਦ ਵਿਕ੍ਰੇਤਾ, ਕਿਸਾਨਾਂ ਨੂੰ ਯੂਰੀਆ ਖਾਦ ਦੀ ਵਿਕਰੀ ਸਮੇਂ ਗੈਰ ਜ਼ਰੂਰੀ ਵਸਤਾਂ ਦੀ ਵਿਕਰੀ ਕਰਨ ਤੋਂ ਗੁਰੇਜ ਕਰਨ – ਮੁੱਖ ਖੇਤੀਬਾੜੀ ਅਫਸਰ

104

ਬਟਾਲਾ, 3 ਫਰਵਰੀ (    ) : Fact Recorder

ਕਿਸਾਨਾਂ ਨੂੰ ਮਿਆਰੀ ਖਾਦਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਮੁਹਿੰਮ ਤਹਿਤ ਬਲਾਕ ਬਟਾਲਾ ਦੇ ਖੇਤੀ ਸਮਗਰੀ ਵਿਕ੍ਰੇਤਾਵਾਂ ਨਾਲ ਕੀਤੀ ਮੀਟਿੰਗ

ਕਿਸਾਨਾਂ ਨੂੰ ਹਾੜੀ ਦੀਆਂ ਫਸਲਾਂ ਦੀ ਕਾਸ਼ਤ ਲਈ ਲੋੜੀਂਦੀ ਯੂਰੀਆ ਖਾਦ ਸਮੇਤ ਹੋਰ ਮਿਆਰੀ ਖੇਤੀ ਸਮੱਗਰੀ ਮੁਹੱਈਆ ਕਰਵਾਉਣ ਦੇ ਮੰਤਵ ਲਈ ਖੇਤੀਬਾੜੀ  ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਿਲ੍ਹਾ ਗੁਰਦਾਸਪੁਰ ਵਿੱਚ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਬਲਾਕ ਬਟਾਲਾ ਦੇ ਖੇਤੀ ਸਮਗਰੀ ਵਿਕ੍ਰੇਤਾਵਾਂ ਨਾਲ ਸਥਾਨਕ ਬਟਾਲਾ ਕਲੱਬ  ਵਿਚ ਮੀਟਿੰਗ ਕੀਤੀ ਗਈ। ਜਿਸ ਦੀ ਪ੍ਰਧਾਨਗੀ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਵੱਲੋਂ ਕੀਤੀ ਗਈ।

ਖੇਤੀ ਸਮਗਰੀ ਵਿਕਰੇਤਾਵਾਂ ਨੂੰ ਸੰਬੋਧਨ ਕਰਦਿਆਂ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਜ਼ਿਲਾ ਗੁਰਦਾਸਪੁਰ ਵਿੱਚ ਹਾੜ੍ਹੀ ਦੌਰਾਨ ਤਕਰੀਬਨ ਇੱਕ ਲੱਖ ਚੌਰਾਸੀ ਹਜ਼ਾਰ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਗਈ ਹੈ, ਜਿਸ ਦੀ ਹਾਲਤ ਬਹੁਤ ਵਧੀਆ ਹੈ। ਉਨਾਂ ਕਿਹਾ ਕਿ ਕਿਸਾਨਾਂ ਦੇ ਖੇਤੀ ਲਾਗਤ ਖਰਚੇ ਘਟਾਉਣ ਅਤੇ ਆਮਦਨ ਵਿੱਚ ਵਾਧਾ ਕਰਨ ਲਈ ਜ਼ਰੂਰੀ ਹੈ ਕਿਸਾਨਾਂ ਤਕ ਮਿਆਰੀ ਖੇਤੀ ਸਮਗਰੀ ਪਹੁੰਚਾਈ ਜਾਵੇ।

ਉਨਾਂ ਖਾਦ ਵਿਕ੍ਰੇਤਾਵਾਂ ਨੂੰ ਹਦਾਇਤ ਕੀਤੀ ਕਿ ਪੌਸ ਮਸ਼ੀਨਾਂ ਵਿੱਚ ਮੌਜੂਦ ਵਿਕਰੀ ਕੀਤੀ ਯੂਰੀਆ ਖਾਦ ਦਾ ਸਟਾਕ ਨਿਲ ਕੀਤਾ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਪੌਸ ਮਸ਼ੀਨਾਂ ਅਤੇ ਦੁਕਾਨ ਤੇ ਅਣਵਿਕੀ ਯੂਰੀਆ ਖਾਦ ਦਾ ਸਟਾਕ ਇਕਸਾਰ ਹੋਵੇ ਤਾਂ ਜੋ ਕਿਸੇ ਕਿਸਮ ਦੀ ਸਮੱਸਿਆ ਨਾਂ ਆਵੇ।

ਉਨਾਂ ਸਮੂਹ ਡੀਲਰਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਆਪਣੇ ਲਾਇਸੰਸ ਅਤੇ ਹੋਰ ਜਰੂਰੀ ਦਸਤਾਵੇਜ਼ ਪੂਰੇ ਕਰਕੇ ਰੱਖਣ ਅਤੇ ਇਸ ਵਿੱਚ ਕਿਸੇ ਵੀ ਤਰ੍ਹਾ ਦੀ ਕੁਤਾਹੀ ਨਾ ਵਰਤੀ ਜਾਵੇ ਅਤੇ ਸਟਾਕ ਬੋਰਡ ਉੱਪਰ ਰੋਜਾਨਾ ਖਾਦ ਦਾ ਸਟਾਕ ਅਤੇ ਰੇਟ ਲਿਖਿਆ ਜਾਵੇ । ਉਨਾਂ ਕਿਹਾ ਕਿ ਡੀਲਰਾਂ ਵੱਲੋਂ ਕਿਸਾਨਾਂ ਨੂੰ ਜੋ ਵੀ ਖੇਤੀ ਸਮੱਗਰੀ ਦੀ ਵਿਕਰੀ ਕੀਤੀ ਜਾਂਦੀ ਹੈ, ਉਸ ਦਾ ਪੱਕਾ ਬਿੱਲ ਕੱਟ ਕੇ ਦਿੱਤਾ ਜਾਵੇ ਅਤੇ ਕੇਵਲ ਲੋੜੀਂਦੀ ਖੇਤੀ ਸਮੱਗਰੀ ਹੀ ਕਿਸਾਨਾਂ ਨੂੰ ਵਿਕਰੀ ਕੀਤੀ ਜਾਵੇ ਅਤੇ ਕੋਈ ਹੋਰ ਬੇਲੋੜੀਆਂ ਵਸਤਾਂ ਕਿਸਾਨਾਂ ਨੂੰ ਨਾ ਦਿੱਤੀਆਂ ਜਾਣ ।

ਡਾ. ਪਰਮਬੀਰ ਸਿੰਘ ਕਾਹਲੋ ਨੇ ਕਿਹਾ ਕਿ ਚੈਕਿੰਗ ਦੌਰਾਨ ਜੇਕਰ ਕੋਈ ਦੁਕਾਨਦਾਰ ਬਗੈਰ ਬਿੱਲ ਤੋਂ ਖਾਦ,ਦਵਾਈ ਜਾਂ ਬੀਜ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਖਾਦ ਕੰਟਰੋਲ ਆਰਡਰ 1985 ਜ਼ਰੂਰੀ ਵਸਤਾਂ ਐਕਟ 1955 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਖਾਦ,ਕੀਟਨਾਸ਼ਕ ਰਸਾਇਣ ਜਾਂ ਬੀਜ ਖ੍ਰੀਦਣ ਸਮੇਂ ਦੁਕਾਨਦਾਰ ਤੋਂ ਬਿੱਲ ਜ਼ਰੂਰ ਲੈਣ ਅਤੇ ਜੇਕਰ ਕੋਈ ਡੀਲਰ ਬਿੱਲ ਦੇਣ ਤੋਂ ਇਨਕਾਰੀ ਹੁੰਦਾ ਹੈ ਤਾਂ ਉਸ ਦੀ ਲਿਖਤੀ ਤੌਰ ਤੇ ਸ਼ਿਕਾਇਤ ਸੰਬੰਧਤ ਖੇਤੀਬਾੜੀ ਅਧਿਕਾਰੀ ਜਾਂ ਮੁੱਖ ਖੇਤੀਬਾੜੀ ਅਫਸਰ ਨੂੰ ਸੂਚਿਤ ਕਰਨ। ਨਰੇਸ਼ ਮਰਵਾਹਾ ਅਤੇ ਕੁਲਦੀਪ ਸਿੰਘ ਕਾਹਲੋ ਨੇ ਵਿਸ਼ਵਾਸ਼ ਦਿਵਾਇਆ ਕਿ ਕਿਸਾਨਾਂ ਤੱਕ ਮਿਆਰੀ ਖੇਤੀ ਸਮਗਰੀ ਪਹੁੰਚਾਉਣ ਲਈ ਵਿਭਾਗ ਨਾਲ ਪੂਰਨ ਤੌਰ ਤੇ ਸਹਿਯੋਗ ਕੀਤਾ ਜਾਵੇਗਾ।

ਇਸ ਮੌਕੇ ਡਾ.ਪਰਮਬੀਰ ਸਿੰਘ ਕਾਹਲੋ ਬਲਾਕ ਖੇਤੀਬਾੜੀ ਅਫ਼ਸਰ,ਡਾਕਟਰ ਪਰਮਬੀਰ ਕੌਰ ,ਡਾਕਟਰ ਕਵਲਜੀਤ ਕੌਰ ਖੇਤੀਬਾੜੀ ਵਿਕਾਸ ਅਫ਼ਸਰ,ਡਾਕਟਰ ਪ੍ਰਭਜੋਤ ਸਿੰਘ ਡਿਪਟੀ ਪੀ ਡੀ ਆਤਮਾ,ਕੁਲਦੀਪ ਸਿੰਘ ਕਾਹਲੋ,ਨਰੇਸ਼ ਮਰਵਾਹਾ,ਪਰਵੀਨ ਕੁਮਾਰ , ਹਨੀ ਸਮੇਤ ਵੱਡੀ ਗਿਣਤੀ ਵਿਚ ਖੇਤੀ ਸਮਗਰੀ ਵਿਕ੍ਰੇਤਾ ਹਾਜ਼ਰ ਸਨ।