‘AAP ਲੋਟੂ-ਚੋਰਾਂ ਦੀ ਪਾਰਟੀ’, ਤੇਜੀ ਸੰਧੂ ਦਾ ਤਿੱਖਾ ਵਾਰ

15

ਚੰਡੀਗੜ੍ਹ: 21 Aug 2026 AJ DI Awaaj

Chandigarh Desk :  ਪੰਜਾਬੀ ਅਦਾਕਾਰਾ ਤੇਜੀ ਸੰਧੂ ਨੇ ਅਦਾਕਾਰੀ ਤੋਂ ਬਾਅਦ ਹੁਣ ਨਿਰਦੇਸ਼ਨ, ਲੇਖਣ ਅਤੇ ਸਿਆਸਤ ਵਿੱਚ ਵੀ ਸਰਗਰਮ ਭੂਮਿਕਾ ਨਿਭਾਉਣ ਦੀ ਗੱਲ ਕੀਤੀ ਹੈ। ਇੱਕ ਖਾਸ ਇੰਟਰਵਿਊ ਦੌਰਾਨ ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ ‘ਇੱਕ ਆਖ਼ਰੀ ਖ਼ਤ’, ਪੰਜਾਬੀ ਸਿਨੇਮਾ ਅਤੇ ਪੰਜਾਬ ਦੀ ਸਿਆਸੀ ਸਥਿਤੀ ਬਾਰੇ ਖੁੱਲ੍ਹ ਕੇ ਵਿਚਾਰ ਸਾਂਝੇ ਕੀਤੇ।

‘ਇੱਕ ਆਖ਼ਰੀ ਖ਼ਤ’ ਨੂੰ ਦੱਸਿਆ ਜਜ਼ਬਾਤੀ ਕਹਾਣੀ

ਤੇਜੀ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਇੱਕ ਆਖ਼ਰੀ ਖ਼ਤ’ ਇੱਕ ਸੱਚੀ ਘਟਨਾ ਤੋਂ ਪ੍ਰੇਰਿਤ ਹੈ ਅਤੇ ਇਸ ਨਾਲ ਉਨ੍ਹਾਂ ਦੇ ਪਰਿਵਾਰ ਦੀ ਕਹਾਣੀ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਫਿਲਮ ਨਹੀਂ, ਸਗੋਂ ਔਰਤਾਂ ਦੇ ਦਰਦ ਅਤੇ ਜਜ਼ਬਾਤਾਂ ਨੂੰ ਦਰਸਾਉਣ ਵਾਲਾ ਸੁਨੇਹਾ ਹੈ।

ਉਨ੍ਹਾਂ ਕਿਹਾ ਕਿ ਫਿਲਮ ਬਣਾਉਣ ਦੌਰਾਨ ਉਨ੍ਹਾਂ ਨੂੰ ਲਿਖਣ, ਫਾਈਨਾਂਸ ਅਤੇ ਨਿਰਮਾਣ ਸਮੇਤ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦਾ ਮਕਸਦ ਸਿਰਫ਼ ਪੈਸਾ ਕਮਾਉਣਾ ਨਹੀਂ, ਬਲਕਿ ਸਮਾਜ ਨੂੰ ਇੱਕ ਸੁਨੇਹਾ ਦੇਣਾ ਹੈ।

ਪੰਜਾਬੀ ਸਿਨੇਮਾ ’ਤੇ ਵੀ ਕੀਤੇ ਤਿੱਖੇ ਸਵਾਲ

ਪੰਜਾਬੀ ਫਿਲਮਾਂ ਬਾਰੇ ਗੱਲ ਕਰਦਿਆਂ ਤੇਜੀ ਸੰਧੂ ਨੇ ਕਿਹਾ ਕਿ ਅੱਜਕੱਲ੍ਹ ਕਈ ਫਿਲਮਾਂ ਵਿੱਚ ਮਜ਼ਬੂਤ ਕੰਟੈਂਟ ਦੀ ਕਮੀ ਹੈ ਅਤੇ ਕਈ ਨਿਰਮਾਤਾ ਸਿਰਫ਼ ਕਾਰੋਬਾਰ ’ਤੇ ਧਿਆਨ ਦੇ ਰਹੇ ਹਨ। ਉਨ੍ਹਾਂ ਨੇ ਦਿਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’ ਦਾ ਹਵਾਲਾ ਦਿੰਦਿਆਂ ਕਿਹਾ ਕਿ ਚੰਗਾ ਸਿਨੇਮਾ ਸਮਾਜ ਲਈ ਸਹੀ ਦਿਸ਼ਾ ਤੈਅ ਕਰ ਸਕਦਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ਪ੍ਰਭਾਵਕਾਂ ਨੂੰ ਬਿਨਾਂ ਲੋੜ ਸਟਾਰ ਬਣਾਉਣ ਦੀ ਬਜਾਏ ਤਜਰਬੇਕਾਰ ਕਲਾਕਾਰਾਂ ਨੂੰ ਵੀ ਮੌਕੇ ਮਿਲਣੇ ਚਾਹੀਦੇ ਹਨ।

ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਦੱਸਿਆ ਕਾਰਨ

ਸਿਆਸਤ ਬਾਰੇ ਗੱਲ ਕਰਦਿਆਂ ਤੇਜੀ ਸੰਧੂ ਨੇ ਕਿਹਾ ਕਿ ਪੰਜਾਬ ਦੇ ਮੁੱਦਿਆਂ ਅਤੇ ਪੰਜਾਬ ਦੀ ਖੇਤਰੀ ਸਿਆਸਤ ਨਾਲ ਖੜ੍ਹਨ ਲਈ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਚੁਣਿਆ। ਉਨ੍ਹਾਂ ਮੁਤਾਬਕ ਪੰਜਾਬ ਦੇ ਹਿੱਤਾਂ ਲਈ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ।

2027 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਅਤੇ ਪੰਜਾਬੀਅਤ ਨੂੰ ਆਪਣੇ ਲੋਕਾਂ ਦੀ ਅਗਵਾਈ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਅਕਾਲੀ ਦਲ ਸੱਤਾ ਵਿੱਚ ਵਾਪਸੀ ਕਰੇਗਾ।

AAP ’ਤੇ ਤਿੱਖਾ ਨਿਸ਼ਾਨਾ

ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਬਾਰੇ ਤੇਜੀ ਸੰਧੂ ਨੇ ਸਖ਼ਤ ਟਿੱਪਣੀ ਕੀਤੀ। ਉਨ੍ਹਾਂ AAP ਨੂੰ ‘ਲੋਟੂ-ਚੋਰਾਂ ਦੀ ਪਾਰਟੀ’ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਸਰਕਾਰ ਦਾ ਪੰਜਾਬ ਦੇ ਹਿੱਤਾਂ ਨਾਲੋਂ ਪੈਸਾ ਇਕੱਠਾ ਕਰਨ ’ਤੇ ਵੱਧ ਧਿਆਨ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੁਣ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਉਨ੍ਹਾਂ ਦੀਆਂ ਗੱਲਾਂ ਸਮਝ ਆਉਣ ਲੱਗੀਆਂ ਹਨ।

ਔਰਤਾਂ ਦੀ ਬਰਾਬਰ ਹਿੱਸੇਦਾਰੀ ’ਤੇ ਜ਼ੋਰ

ਜੇਕਰ ਉਹ ਆਉਣ ਵਾਲੀਆਂ ਚੋਣਾਂ ਵਿੱਚ ਮੈਦਾਨ ਵਿੱਚ ਉਤਰਦੇ ਹਨ ਤਾਂ ਉਨ੍ਹਾਂ ਦਾ ਮੁੱਖ ਏਜੰਡਾ ਨਸ਼ਾ ਅਤੇ ਅਪਰਾਧ ਖ਼ਤਮ ਕਰਨਾ, ਔਰਤਾਂ ਦੀ ਸੁਰੱਖਿਆ ਅਤੇ ਸਿਆਸਤ ਵਿੱਚ ਔਰਤਾਂ ਦੀ ਬਰਾਬਰ ਹਿੱਸੇਦਾਰੀ ਯਕੀਨੀ ਬਣਾਉਣਾ ਹੋਵੇਗਾ। ਉਨ੍ਹਾਂ ਵਿਧਾਨ ਸਭਾ, ਲੋਕ ਸਭਾ ਅਤੇ ਰਾਜ ਸਭਾ ਵਿੱਚ ਔਰਤਾਂ ਦੀ 50 ਫ਼ੀਸਦੀ ਨੁਮਾਇੰਦਗੀ ਦੀ ਵਕਾਲਤ ਕੀਤੀ।

ਤੇਜੀ ਸੰਧੂ ਨੇ ਕਿਹਾ ਕਿ ਅਦਾਕਾਰੀ ਅਤੇ ਸਿਆਸਤ ਦੋਵਾਂ ਵਿੱਚ ਤਾਲਮੇਲ ਬਣਾਉਣਾ ਚੁਣੌਤੀਪੂਰਨ ਹੈ, ਪਰ ਪਰਿਵਾਰ ਅਤੇ ਸਮਰਥਕਾਂ ਦੇ ਸਹਿਯੋਗ ਨਾਲ ਉਹ ਦੋਵੇਂ ਜ਼ਿੰਮੇਵਾਰੀਆਂ ਨਿਭਾ ਰਹੀ ਹੈ।