ਚੰਡੀਗੜ੍ਹ/ਐੱਸ.ਬੀ.ਐੱਸ. ਨਗਰ, 10 ਅਗਸਤ 2026 AJ DI Awaaj
Chandigarh Desk : ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਕਾਊਂਟਰ ਇੰਟੈਲੀਜੈਂਸ (CI) ਜਲੰਧਰ ਅਤੇ ਐੱਸ.ਬੀ.ਐੱਸ. ਨਗਰ ਪੁਲਿਸ ਦੀ ਸਾਂਝੀ ਕਾਰਵਾਈ ਵਿੱਚ ਵਿਦੇਸ਼ਾਂ ਤੋਂ ਚਲਾਏ ਜਾ ਰਹੇ ISI-ਸਮਰਥਿਤ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਇੱਕ ਅੱਤਵਾਦੀ ਮੋਡੀਊਲ ਦਾ ਪਰਦਾਫਾਸ਼ ਕੀਤਾ ਗਿਆ ਹੈ।
ਪੁਲਿਸ ਨੇ ਮੋਡੀਊਲ ਦੇ ਇੱਕ ਮੁੱਖ ਕਾਰਕੁਨ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 86-ਪੀ ਹੈਂਡ ਗ੍ਰਨੇਡ ਬਰਾਮਦ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਲਖਵਿੰਦਰ ਸਿੰਘ ਉਰਫ਼ ਜੋਲਾ, ਵਾਸੀ ਪਿੰਡ ਬੈਰਸੀਆਂ, ਐੱਸ.ਬੀ.ਐੱਸ. ਨਗਰ ਵਜੋਂ ਹੋਈ ਹੈ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਵਿਦੇਸ਼ ਬੈਠੇ ਹੈਂਡਲਰਾਂ ਦੇ ਨਿਰਦੇਸ਼ਾਂ ’ਤੇ ਜਲੰਧਰ ਦੇ ਆਦਮਪੁਰ ਨੇੜੇ ਇੱਕ ਡੈੱਡ ਲੈਟਰ ਬਾਕਸ (DLB) ਤੋਂ ਹੈਂਡ ਗ੍ਰਨੇਡ ਦੀ ਖੇਪ ਹਾਸਲ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਭਰੋਸੇਯੋਗ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਲਖਵਿੰਦਰ ਸਿੰਘ ਉਰਫ਼ ਜੋਲਾ ਨੂੰ ਐੱਸ.ਬੀ.ਐੱਸ. ਨਗਰ ਇਲਾਕੇ ਵਿੱਚੋਂ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੇ ਖੁਲਾਸੇ ਤੋਂ ਬਾਅਦ ਪਿੰਡ ਬੈਰਸੀਆਂ ਤੋਂ 86-ਪੀ ਹੈਂਡ ਗ੍ਰਨੇਡ ਬਰਾਮਦ ਕੀਤਾ ਗਿਆ।
ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਸਮੇਂ ਸਿਰ ਕੀਤੀ ਕਾਰਵਾਈ ਨਾਲ ਯੋਜਨਾਬੱਧ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਤਾਂ ਜੋ ਵਿਦੇਸ਼ੀ ਹੈਂਡਲਰਾਂ, ਸਥਾਨਕ ਸਹਿਯੋਗੀ ਨੈੱਟਵਰਕ ਅਤੇ ਅੱਤਵਾਦੀ ਮੋਡੀਊਲ ਨਾਲ ਜੁੜੀਆਂ ਹੋਰ ਕੜੀਆਂ ਦਾ ਪਤਾ ਲਗਾਇਆ ਜਾ ਸਕੇ।
ਇਸ ਸਬੰਧੀ ਥਾਣਾ ਸਦਰ ਨਵਾਂਸ਼ਹਿਰ ਵਿੱਚ FIR ਨੰਬਰ 124, ਮਿਤੀ 09.08.2026 ਦਰਜ ਕੀਤੀ ਗਈ ਹੈ। ਮਾਮਲਾ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 113(1) ਅਤੇ 113(3) ਅਤੇ ਐਕਸਪਲੋਸਿਵ ਸਬਸਟੈਂਸਿਜ਼ ਐਕਟ ਦੀਆਂ ਧਾਰਾਵਾਂ 4 ਅਤੇ 5 ਤਹਿਤ ਦਰਜ ਕੀਤਾ ਗਿਆ ਹੈ।

















