ਬਿਜ਼ਨਸ ਬਲਾਸਟਰ ਪ੍ਰੋਗਰਾਮ ਤਹਿਤ ਜ਼ਿਲ੍ਹਾ ਪੱਧਰੀ ਟ੍ਰੇਨਿੰਗ

1
ਰੂਪਨਗਰ, 4 ਅਗਸਤ 2026 AJ DI Awaaj
Punjab Desk : ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਰੂਪਨਗਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਬਿਜ਼ਨਸ ਬਲਾਸਟਰ ਦੇ ਜ਼ਿਲ੍ਹਾ ਨੋਡਲ ਅਫ਼ਸਰ ਸ. ਪ੍ਰਭਜੀਤ ਸਿੰਘ ਅਤੇ ਸਰਕਾਰੀ ਪੌਲੀਟੈਕਨਿਕ ਕਾਲਜ ਰੂਪਨਗਰ ਦੇ ਪ੍ਰਿੰਸੀਪਲ ਡਾ. ਨਵਨੀਤ ਵਾਲੀਆ ਦੀ ਨਿਗਰਾਨੀ ਹੇਠ ਬਿਜ਼ਨਸ ਬਲਾਸਟਰ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੀ ਜਮਾਤ ਗਿਆਰਵੀਂ ਦੇ ਬਿਜ਼ਨਸ ਬਲਾਸਟਰ ਇੰਚਾਰਜਾਂ ਦੀ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਅੱਜ ਸਰਕਾਰੀ ਪੌਲੀਟੈਕਨਿਕ ਕਾਲਜ ਰੂਪਨਗਰ ਵਿਖੇ ਸ਼ੁਰੂ ਹੋਈ।
ਟ੍ਰੇਨਿੰਗ ਦਾ ਉਦਘਾਟਨ ਜ਼ਿਲ੍ਹਾ ਨੋਡਲ ਅਫ਼ਸਰ (ਬਿਜ਼ਨਸ ਬਲਾਸਟਰ) ਸ. ਪ੍ਰਭਜੀਤ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਬਿਜ਼ਨਸ ਬਲਾਸਟਰ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਉੱਦਮੀ ਸੋਚ ਦਾ ਵਿਕਾਸ ਕਰਨਾ ਅਤੇ ਉਨ੍ਹਾਂ ਨੂੰ ਨੌਕਰੀ ਲੱਭਣ ਵਾਲਿਆਂ ਦੀ ਬਜਾਏ ਰੁਜ਼ਗਾਰ ਸਿਰਜਣ ਵਾਲੇ ਨੌਜਵਾਨਾਂ ਵਜੋਂ ਤਿਆਰ ਕਰਨਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਕਾਰੋਬਾਰੀ ਵਿਚਾਰਾਂ ਨੂੰ ਵਿਕਸਤ ਕਰਨ, ਟੀਮ ਭਾਵਨਾ ਨਾਲ ਕੰਮ ਕਰਨ ਅਤੇ ਉਨ੍ਹਾਂ ਨੂੰ ਅਮਲੀ ਰੂਪ ਦੇਣ ਲਈ ਲੋੜੀਂਦੀ ਰਹਿਨੁਮਾਈ ਮੁਹੱਈਆ ਕਰਵਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਟ੍ਰੇਨਿੰਗ ਦਾ ਉਦੇਸ਼ ਸਕੂਲ ਇੰਚਾਰਜਾਂ ਨੂੰ ਪ੍ਰੋਗਰਾਮ ਦੀ ਰੂਪ-ਰੇਖਾ, ਵੱਖ-ਵੱਖ ਗਤੀਵਿਧੀਆਂ ਅਤੇ ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਮਾਰਗਦਰਸ਼ਨ ਦੇਣ ਸਬੰਧੀ ਵਿਹਾਰਕ ਜਾਣਕਾਰੀ ਪ੍ਰਦਾਨ ਕਰਨਾ ਹੈ। ਉਨ੍ਹਾਂ ਸਮੂਹ ਸਕੂਲ ਇੰਚਾਰਜਾਂ ਨੂੰ ਇਹ ਪ੍ਰੋਗਰਾਮ ਪੂਰੀ ਤਨਦੇਹੀ ਅਤੇ ਸਮਰਪਣ ਨਾਲ ਲਾਗੂ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਰੂਪਨਗਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਨੇ ਟ੍ਰੇਨਿੰਗ ਸਥਾਨ ਦਾ ਵਿਸ਼ੇਸ਼ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਮਾਸਟਰ ਟ੍ਰੇਨਰਾਂ ਤੇ ਸਕੂਲ ਇੰਚਾਰਜਾਂ ਨਾਲ ਵਿਚਾਰ-ਵਟਾਂਦਰਾ ਕੀਤਾ।
ਉਨ੍ਹਾਂ ਕਿਹਾ ਕਿ ਬਿਜ਼ਨਸ ਬਲਾਸਟਰ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਉੱਦਮੀ ਸੋਚ, ਨਵੀਨਤਾ, ਰਚਨਾਤਮਕਤਾ, ਆਤਮ-ਵਿਸ਼ਵਾਸ ਅਤੇ ਕਾਰੋਬਾਰੀ ਹੁਨਰਾਂ ਨੂੰ ਵਿਕਸਤ ਕਰਨ ਵੱਲ ਇੱਕ ਮਹੱਤਵਪੂਰਨ ਉਪਰਾਲਾ ਹੈ। ਇਸ ਪ੍ਰੋਗਰਾਮ ਰਾਹੀਂ ਵਿਦਿਆਰਥੀਆਂ ਨੂੰ ਆਪਣੇ ਨਵੇਂ ਕਾਰੋਬਾਰੀ ਵਿਚਾਰਾਂ ਨੂੰ ਅਮਲੀ ਰੂਪ ਦੇਣ, ਟੀਮ ਵਰਕ ਦੀ ਭਾਵਨਾ ਵਿਕਸਤ ਕਰਨ ਅਤੇ ਭਵਿੱਖ ਵਿੱਚ ਸਵੈ-ਰੁਜ਼ਗਾਰ ਜਾਂ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਲੋੜੀਂਦੇ ਹੁਨਰ ਹਾਸਲ ਕਰਨ ਦੇ ਮੌਕੇ ਪ੍ਰਾਪਤ ਹੁੰਦੇ ਹਨ।
ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਨੇ ਜਾਣਕਾਰੀ ਦਿੱਤੀ ਕਿ ਐੱਫ.ਡੀ.ਡੀ.ਆਈ., ਚੰਡੀਗੜ੍ਹ ਕੈਂਪਸ ਵੱਲੋਂ ਸੈਸ਼ਨ-2026 ਲਈ ਬਾਰਵੀਂ ਪਾਸ ਵਿਦਿਆਰਥੀਆਂ ਨੂੰ ਬੈਚਲਰ ਆਫ਼ ਡਿਜ਼ਾਈਨ ਦੇ ਵੱਖ-ਵੱਖ ਕੋਰਸਾਂ ਵਿੱਚ ਸਿੱਧੇ ਦਾਖ਼ਲੇ ਦਾ ਮੌਕਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਫੈਸ਼ਨ ਡਿਜ਼ਾਈਨ ਅਤੇ ਫੁੱਟਵੇਅਰ ਡਿਜ਼ਾਈਨ ਐਂਡ ਡਿਵੈਲਪਮੈਂਟ ਸਮੇਤ ਹੋਰ ਕੋਰਸਾਂ ਵਿੱਚ ਦਾਖ਼ਲਾ ਲੈ ਸਕਦੇ ਹਨ।
ਉਨ੍ਹਾਂ ਕਿਹਾ ਕਿ ਯੋਗ ਵਿਦਿਆਰਥੀਆਂ ਲਈ ਡਾ. ਭੀਮ ਰਾਓ ਅੰਬੇਡਕਰ ਪੋਰਟਲ ਸਕਾਲਰਸ਼ਿਪ ਸਕੀਮ ਤਹਿਤ 100 ਫ਼ੀਸਦੀ ਫ਼ੀਸ ਮੁਆਫ਼ੀ ਅਤੇ ਮੁਫ਼ਤ ਸਿੱਖਿਆ ਦੀ ਸਹੂਲਤ ਵੀ ਉਪਲਬਧ ਹੈ। ਉਨ੍ਹਾਂ ਸਕੂਲ ਇੰਚਾਰਜਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਬੰਧੀ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਤਾਂ ਜੋ ਯੋਗ ਵਿਦਿਆਰਥੀ ਇਸ ਮੌਕੇ ਦਾ ਲਾਭ ਲੈ ਸਕਣ।
ਉਨ੍ਹਾਂ ਮਾਸਟਰ ਟ੍ਰੇਨਰਾਂ ਅਤੇ ਸਕੂਲ ਇੰਚਾਰਜਾਂ ਨੂੰ ਬਿਜ਼ਨਸ ਬਲਾਸਟਰ ਪ੍ਰੋਗਰਾਮ ਨੂੰ ਸਕੂਲ ਪੱਧਰ ‘ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਪ੍ਰੇਰਿਤ ਕੀਤਾ, ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਯੋਜਨਾ ਦਾ ਲਾਭ ਮਿਲ ਸਕੇ।
ਟ੍ਰੇਨਿੰਗ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਜਮਾਤ ਗਿਆਰਵੀਂ ਦੇ ਬਿਜ਼ਨਸ ਬਲਾਸਟਰ ਇੰਚਾਰਜਾਂ ਨੇ ਭਾਗ ਲਿਆ। ਮਾਸਟਰ ਟ੍ਰੇਨਰਾਂ ਨੇ ਬਿਜ਼ਨਸ ਬਲਾਸਟਰ ਪ੍ਰੋਗਰਾਮ ਦੀਆਂ ਵੱਖ-ਵੱਖ ਗਤੀਵਿਧੀਆਂ, ਵਿਦਿਆਰਥੀਆਂ ਦੇ ਕਾਰੋਬਾਰੀ ਵਿਚਾਰਾਂ, ਉੱਦਮੀ ਹੁਨਰਾਂ ਅਤੇ ਪ੍ਰੋਗਰਾਮ ਨੂੰ ਸਕੂਲ ਪੱਧਰ ‘ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਮਾਸਟਰ ਟ੍ਰੇਨਰ ਸ੍ਰੀ ਮੁਕੇਸ਼ ਕੁਮਾਰ (ਸ੍ਰੀ ਅਨੰਦਪੁਰ ਸਾਹਿਬ), ਸ੍ਰੀਮਤੀ ਗੁਰਦੀਪ ਕੌਰ (ਸ੍ਰੀ ਚਮਕੌਰ ਸਾਹਿਬ), ਸ੍ਰੀ ਸਤਨਾਮ ਸਿੰਘ (ਝੱਜ), ਸ੍ਰੀ ਹਰਦੀਪ ਸਿੰਘ (ਕੀਰਤਪੁਰ ਸਾਹਿਬ), ਸ੍ਰੀ ਸ਼ਿਵ ਸ਼ੰਕਰ ਸ਼ਰਮਾ (ਮੀਆਂਪੁਰ), ਸ੍ਰੀਮਤੀ ਹਰਜੀਤ ਕੌਰ (ਮੋਰਿੰਡਾ), ਸ੍ਰੀ ਦਲਜੀਤ ਸਿੰਘ (ਨੰਗਲ), ਸ੍ਰੀਮਤੀ ਕਰਮਜੀਤ ਕੌਰ (ਰੂਪਨਗਰ-2), ਸ੍ਰੀ ਰੋਹਿਤ ਕੁਮਾਰ (ਤਖ਼ਤਗੜ੍ਹ) ਅਤੇ ਸ੍ਰੀਮਤੀ ਲਲਿਤ ਕੁਮਾਰੀ (ਸਲੌਰਾ) ਨੇ ਰਿਸੋਰਸ ਪਰਸਨ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ।
ਰਜਿਸਟ੍ਰੇਸ਼ਨ ਅਤੇ ਰਿਫਰੈਸ਼ਮੈਂਟ ਦੀ ਵਿਵਸਥਾ ਐੱਸ.ਐੱਸ. ਮਾਸਟਰ ਸ੍ਰੀ ਸੰਜੀਵ ਕੁਮਾਰ ਵੱਲੋਂ ਕੀਤੀ ਗਈ, ਜਦਕਿ ਮੀਡੀਆ ਕਵਰੇਜ ਅਤੇ ਤਕਨੀਕੀ ਸਹਿਯੋਗ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਸ੍ਰੀ ਦਿਸ਼ਾਂਤ ਮਹਿਤਾ ਵੱਲੋਂ ਪ੍ਰਦਾਨ ਕੀਤਾ ਗਿਆ।
ਇਸ ਮੌਕੇ ਐਚ.ਓ.ਡੀ. (ਮਕੈਨੀਕਲ) ਸ੍ਰੀ ਪਰਮਿੰਦਰ ਸਿੰਘ ਸੈਣੀ, ਐਚ.ਓ.ਡੀ. (ਇਲੈਕਟ੍ਰੀਕਲ) ਸ੍ਰੀ ਰਾਜੇਸ਼ ਕੁਮਾਰ ਜੱਸੀ, ਐਚ.ਓ.ਡੀ. (ਆਈ.ਟੀ.) ਸ੍ਰੀ ਓਮਉਪਕਾਰ ਸਿੰਘ, ਲੈਕਚਰਾਰ ਸ੍ਰੀ ਵਿਨੋਦ ਸ਼ਰਮਾ ਅਤੇ ਅਕਾਦਮਿਕ ਇੰਚਾਰਜ ਸ੍ਰੀਮਤੀ ਸਿਮਰਨਜੀਤ ਕੌਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।
ਜ਼ਿਕਰਯੋਗ ਹੈ ਕਿ ਜਮਾਤ ਗਿਆਰਵੀਂ ਦੇ ਬਿਜ਼ਨਸ ਬਲਾਸਟਰ ਇੰਚਾਰਜਾਂ ਦੀ ਇਹ ਟ੍ਰੇਨਿੰਗ 4 ਅਗਸਤ ਨੂੰ ਕਰਵਾਈ ਗਈ ਹੈ, ਜਦਕਿ ਜਮਾਤ ਬਾਰਵੀਂ ਦੇ ਬਿਜ਼ਨਸ ਬਲਾਸਟਰ ਇੰਚਾਰਜਾਂ ਦੀ ਜ਼ਿਲ੍ਹਾ ਪੱਧਰੀ ਟ੍ਰੇਨਿੰਗ 5 ਅਗਸਤ 2026 ਨੂੰ ਇਸੇ ਸਥਾਨ ‘ਤੇ ਕਰਵਾਈ ਜਾਵੇਗੀ