ਤਰਨ ਤਾਰਨ, 22 ਜੁਲਾਈ 2026 AJ DI Awaaj
Punjab Desk : ਸਫ਼ਾਈ ਕਰਮਚਾਰੀਆਂ ਵੱਲੋਂ ਬੀਤੀ 8 ਜੁਲਾਈ ਤੋਂ ਜ਼ਿਲ੍ਹਾ ਤਰਨ ਤਾਰਨ ਦੀਆਂ ਕਈ ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚ ਸਫ਼ਾਈ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਿਸ ਦੇ ਨਤੀਜੇ ਵਜੋਂ ਜ਼ਿਲ੍ਹੇ ਦੇ ਕਸਬਿਆਂ ਵਿੱਚੋਂ ਕੂੜਾ ਨਹੀਂ ਚੁੱਕਿਆ ਜਾ ਰਿਹਾ ਅਤੇ ਨਾ ਹੀ ਨਿਪਟਾਇਆ ਜਾ ਰਿਹਾ ਹੈ। ਇਸ ਸਥਿਤੀ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਨੇ ਪੰਜਾਬ ਮਿਉਂਸਪਲ ਐਕਟ, 1911 ਦੀ ਧਾਰਾ 233/234 (ਐਮਰਜੈਂਸੀ ਦੀ ਸਥਿਤੀ ਵਿੱਚ ਡਿਪਟੀ ਕਮਿਸ਼ਨਰ ਦੀ ਅਸਾਧਾਰਨ ਸ਼ਕਤੀ) ਅਤੇ ਇਸ ਸਬੰਧ ਵਿੱਚ ਹੋਰ ਸਾਰੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਵੱਖ- ਵੱਖ ਕੰਮਾਂ/ਉਪਾਵਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ, ਜਿਨ੍ਹਾਂ ਦਾ ਖ਼ਰਚਾ ਸਬੰਧਤ ਸ਼ਹਿਰੀ ਸਥਾਨਕ ਸੰਸਥਾ ਦੇ ਮਿਉਂਸਪਲ ਫੰਡ ਵਿੱਚੋਂ ਅਦਾ ਕੀਤਾ ਜਾਵੇਗਾ।
ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹਾ ਤਰਨਤਾਰਨ ਦੀਆਂ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ ਕਾਰਜਕਾਰੀ ਅਧਿਕਾਰੀ ਤੁਰੰਤ ਬਦਲਵੇਂ ਪ੍ਰਬੰਧ ਕਰਨਗੇ। ਉਹ ਠੇਕੇ ‘ਤੇ ਲਈਆਂ ਗਈਆਂ ਏਜੰਸੀਆਂ, ਆਊਟਸੋਰਸਡ ਮੈਨਪਾਵਰ, ਕਿਰਾਏ ‘ਤੇ ਲਏ ਵਾਹਨ/ਮਸ਼ੀਨਰੀ, ਜਾਂ ਹੋਰ ਵਿੰਗਾਂ/ਵਿਭਾਗਾਂ ਤੋਂ ਸਟਾਫ ਦੀ ਤਾਇਨਾਤੀ ਰਾਹੀਂ ਆਪਣੇ-ਆਪਣੇ ਅਧਿਕਾਰ ਖੇਤਰਾਂ ਦੇ ਅੰਦਰ ਸਾਰੇ ਵਾਰਡਾਂ, ਬਾਜ਼ਾਰਾਂ, ਹਸਪਤਾਲਾਂ ਅਤੇ ਜਨਤਕ ਥਾਵਾਂ ਤੋਂ ਇਕੱਠੇ ਹੋਏ ਕੂੜੇ ਅਤੇ ਠੋਸ ਰਹਿੰਦ-ਖੂੰਹਦ ਨੂੰ ਤੁਰੰਤ ਚੁੱਕਣ, ਢੋਆ- ਢੁਆਈ ਅਤੇ ਵਿਗਿਆਨਕ/ਕਾਨੂੰਨੀ ਨਿਪਟਾਰਾ ਕਰਵਾਉਣਗੇ।
ਇਸ ਤਹਿਤ ਹਸਪਤਾਲਾਂ, ਡਿਸਪੈਂਸਰੀਆਂ, ਸਕੂਲਾਂ, ਬਾਜ਼ਾਰਾਂ, ਜਲ ਸਰੋਤਾਂ ਦੇ ਨਾਲਿਆਂ ਅਤੇ ਹੋਰ ਸੰਵੇਦਨਸ਼ੀਲ/ਜ਼ਿਆਦਾ ਭੀੜ-ਭਾੜ ਵਾਲੇ ਸਥਾਨਾਂ ਨੂੰ ਤਰਜੀਹ ਦਿੱਤੀ ਜਾਵੇਗੀ, ਜਿਥੇ ਬਿਮਾਰੀ ਫ਼ੈਲਣ ਦਾ ਜ਼ੋਖ਼ਮ ਸਭ ਤੋਂ ਵੱਧ ਹੈ।
ਇਸੇ ਤਰ੍ਹਾਂ ਸਿਵਲ ਸਰਜਨ, ਤਰਨ ਤਾਰਨ ਅਤੇ ਜ਼ਿਲ੍ਹਾ ਸਿਹਤ ਅਧਿਕਾਰੀ ਇਸ ਮੁਹਿੰਮ ਨਾਲ ਜੁੜੇ ਰਹਿਣਗੇ ਅਤੇ ਜ਼ਿਲ੍ਹੇ ਭਰ ਵਿੱਚ ਡਰੇਨਾਂ, ਪਾਣੀ ਦੇ ਸਰੋਤਾਂ ਅਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਜੰਗੀ ਪੱਧਰ ‘ਤੇ ਲਾਰਵੇ ਵਿਰੋਧੀ ਸਪਰੇਅ, ਫੌਗਿੰਗ, ਕੀਟਾਣੂ-ਨਾਸ਼ਕ ਅਤੇ ਕਲੋਰੀਨੇਸ਼ਨ ਕਰਵਾਉਣਗੇ ਅਤੇ ਕਿਸੇ ਵੀ ਪ੍ਰਕੋਪ ਦੀ ਸੰਭਾਵਨਾ ਲਈ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਦਵਾਈਆਂ ਅਤੇ ਆਈ.ਵੀ ਤਰਲ ਪਦਾਰਥਾਂ ਦਾ ਢੁਕਵਾਂ ਸਟਾਕ ਰੱਖਣਗੇ।
ਜਾਰੀ ਹੁਕਮਾਂ ਅਨੁਸਾਰ ਸਬੰਧਤ ਉਪ-ਮੰਡਲ ਮੈਜਿਸਟ੍ਰੇਟ ਅਤੇ ਕਾਰਜਕਾਰੀ ਅਧਿਕਾਰੀ ਆਮ ਸਥਿਤੀ ਬਹਾਲ ਹੋਣ ਤੱਕ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਕੂੜੇ ਦੀ ਮਾਤਰਾ, ਕਵਰ ਕੀਤੇ ਖੇਤਰਾਂ ਅਤੇ ਹੜਤਾਲ ਨਾਲ ਜੁੜੇ ਕਿਸੇ ਵੀ ਕਾਨੂੰਨ-ਵਿਵਸਥਾ ਦੇ ਮੁੱਦੇ ਬਾਰੇ ਰੋਜ਼ਾਨਾ ਪਾਲਣਾ-ਕਮ-ਸਥਿਤੀ ਰਿਪੋਰਟ ਜਮ੍ਹਾ ਕਰਾਉਣਗੇ।
ਇਹ ਹੁਕਮ ਉਦੋਂ ਤੱਕ ਲਾਗੂ ਰਹਿਣਗੇ, ਜਦੋਂ ਤੱਕ ਹੜਤਾਲ ਖ਼ਤਮ ਨਹੀਂ ਹੋ ਜਾਂਦੀ ਅਤੇ ਆਮ ਸੈਨੀਟੇਸ਼ਨ ਸੇਵਾਵਾਂ ਬਹਾਲ ਨਹੀਂ ਹੋ ਜਾਂਦੀਆਂ, ਜਾਂ ਅਗਲੇ ਹੁਕਮਾਂ ਤੱਕ, ਜੋ ਵੀ ਪਹਿਲਾਂ ਹੋਵੇ।



















