ਮੰਡੀ ਰੋਡਾਂਵਾਲੀ 16 July 2026 AJ DI Awaaj
Punjab Desk : ਪੰਜਾਬ ਸਟੇਟ ਪਾਵਰਕਾਮ ਦੇ ਜੂਨੀਅਰ ਇੰਜੀਨੀਅਰ (ਜੇਈ) ਨੂੰ ਕਥਿਤ ਤੌਰ ‘ਤੇ ਝੂਠੇ ਐਨਡੀਪੀਐਸ ਮਾਮਲੇ ਵਿੱਚ ਫਸਾਉਣ ਦੇ ਦੋਸ਼ਾਂ ਵਾਲੇ ਕੇਸ ਵਿੱਚ ਨਵਾਂ ਮੋੜ ਆ ਗਿਆ ਹੈ। ਅਦਾਲਤ ਦੇ ਹੁਕਮਾਂ ਤੋਂ ਬਾਅਦ ਜਲਾਲਾਬਾਦ ਦੇ ਡੀਐਸਪੀ ਗੁਰਸੇਵਕ ਸਿੰਘ ਬਰਾੜ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕਰ ਲਿਆ ਗਿਆ ਹੈ।
ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਨੇ ਤਿੰਨੋਂ ਮੁਲਜ਼ਮਾਂ ਨੂੰ ਗ੍ਰਿ*ਫ਼ਤਾਰ ਕਰਕੇ ਨਿਆਂਇਕ ਹਿਰਾਸਤ ਵਿੱਚ ਸਬ-ਜੇਲ੍ਹ ਫਾਜ਼ਿਲਕਾ ਭੇਜ ਦਿੱਤਾ ਹੈ, ਜਦਕਿ ਡੀਐਸਪੀ ਦੀ ਗ੍ਰਿ*ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਸ਼ਿਕਾਇਤਕਰਤਾ ਜੇਈ ਅਮਿਤ ਕੁਮਾਰ ਨੇ ਦੋ*ਸ਼ ਲਗਾਇਆ ਕਿ 3 ਜੂਨ 2026 ਨੂੰ ਡਿਊਟੀ ‘ਤੇ ਜਾਂਦੇ ਸਮੇਂ ਗੰਗ ਨਹਿਰ ਨੇੜੇ ਕੁਝ ਵਿਅਕਤੀਆਂ ਨੇ ਆਪਣੇ ਆਪ ਨੂੰ ਪੁਲਿਸ ਕਰਮਚਾਰੀ ਦੱਸ ਕੇ ਉਨ੍ਹਾਂ ਦੀ ਕਾਰ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਕਾਰ ਵਿੱਚੋਂ ਟੇਪ ਨਾਲ ਲਿਪਟਿਆ ਇੱਕ ਪੈਕੇਟ ਮਿਲਣ ਦਾ ਦਾਅਵਾ ਕੀਤਾ ਗਿਆ, ਜਿਸ ਨਾਲ ਕਿਸੇ ਵੀ ਤਰ੍ਹਾਂ ਦਾ ਸਬੰਧ ਹੋਣ ਤੋਂ ਅਮਿਤ ਕੁਮਾਰ ਨੇ ਮੌਕੇ ‘ਤੇ ਹੀ ਇਨਕਾਰ ਕਰ ਦਿੱਤਾ।
ਸ਼ਿਕਾਇਤ ਅਨੁਸਾਰ, ਕੁਝ ਸਮੇਂ ਬਾਅਦ ਡੀਐਸਪੀ ਗੁਰਸੇਵਕ ਸਿੰਘ ਬਰਾੜ ਵੀ ਮੌਕੇ ‘ਤੇ ਪਹੁੰਚੇ ਅਤੇ ਅਮਿਤ ਕੁਮਾਰ ਨੂੰ ਸੀਆਈਏ ਸਟਾਫ ਫਾਜ਼ਿਲਕਾ ਲਿਜਾਇਆ ਗਿਆ। ਉੱਥੇ ਜਾਂਚ ਦੌਰਾਨ ਪੈਕੇਟ ਵਿੱਚ ਕੋਈ ਵੀ ਨ*ਸ਼ੀਲਾ ਪਦਾਰਥ ਨਾ ਮਿਲਣ ਕਾਰਨ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਅਮਿਤ ਕੁਮਾਰ ਦਾ ਦੋਸ਼ ਹੈ ਕਿ ਅਗਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਸੁਖਜਿੰਦਰ ਸਿੰਘ ਉਰਫ਼ ਸ਼ੰਮੀ, ਸਾਗਰ ਅਤੇ ਰਾਜਨ ਕੁਮਾਰ ਉਰਫ਼ ਨੰਨੂ ਨੇ ਕਥਿਤ ਸਾਜ਼ਿਸ਼ ਤਹਿਤ ਪਹਿਲਾਂ ਹੀ ਉਨ੍ਹਾਂ ਦੀ ਕਾਰ ਵਿੱਚ ਸਫ਼ੈਦ ਪਾਊਡਰ ਦਾ ਪੈਕੇਟ ਰੱਖਿਆ ਸੀ ਤਾਂ ਜੋ ਉਨ੍ਹਾਂ ਨੂੰ ਝੂਠੇ ਐਨਡੀਪੀਐਸ ਕੇਸ ਵਿੱਚ ਫਸਾਇਆ ਜਾ ਸਕੇ।
ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਤਿੰਨੋਂ ਦੋਸ਼ੀਆਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀਆਂ ਸਬੰਧਤ ਧਾਰਾਵਾਂ ਅਤੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ।
ਮਾਮਲੇ ਨੇ ਉਸ ਵੇਲੇ ਨਵਾਂ ਰੁਖ਼ ਅਖ਼ਤਿਆਰ ਕੀਤਾ ਜਦੋਂ ਗ੍ਰਿ*ਫ਼ਤਾਰ ਮੁਲਜ਼ਮ ਸੁਖਜਿੰਦਰ ਸਿੰਘ ਉਰਫ਼ ਸ਼ੰਮੀ ਨੇ ਅਦਾਲਤ ਵਿੱਚ ਦਿੱਤੇ ਆਪਣੇ ਬਿਆਨ ਦੌਰਾਨ ਡੀਐਸਪੀ ਗੁਰਸੇਵਕ ਸਿੰਘ ਬਰਾੜ ਦਾ ਨਾਮ ਲਿਆ। ਇਸ ਤੋਂ ਬਾਅਦ ਅਦਾਲਤ ਦੇ ਆਦੇਸ਼ ‘ਤੇ ਡੀਐਸਪੀ ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕਰ ਲਿਆ ਗਿਆ। ਮਾਮਲੇ ਦੀ ਜਾਂਚ ਜਾਰੀ ਹੈ।



















