14 July 2026 Aj Di Awaaj
Punjab Desk: ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਜੁਲਾਈ ਨੂੰ ਪੰਜਾਬ ਦੇ ਜਲੰਧਰ ਦੌਰੇ ‘ਤੇ ਆਉਣਗੇ। ਪਿਛਲੇ ਛੇ ਮਹੀਨਿਆਂ ਵਿੱਚ ਇਹ ਉਨ੍ਹਾਂ ਦਾ ਦੂਜਾ ਜਲੰਧਰ ਦੌਰਾ ਹੋਵੇਗਾ। ਇਸ ਦੌਰੇ ਨੂੰ ਸੂਬੇ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੀ ਅਹਿਮ ਮੰਨਿਆ ਜਾ ਰਿਹਾ ਹੈ।
ਦੌਰੇ ਦੌਰਾਨ ਪ੍ਰਧਾਨ ਮੰਤਰੀ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ ਉਹ ਅੰਮ੍ਰਿਤਸਰ ਦੇ ਛੇਹਰਟਾ ਤੋਂ ਵਾਰਾਣਸੀ ਤੱਕ ਚੱਲਣ ਵਾਲੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਵਾਲੀ ਨਵੀਂ ਰੇਲਗੱਡੀ ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।
ਇਸ ਤੋਂ ਪਹਿਲਾਂ 1 ਫ਼ਰਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਡੇਰਾ ਬੱਲਾਂ ਪਹੁੰਚੇ ਸਨ। ਉੱਥੇ ਉਨ੍ਹਾਂ ਨੇ ਸੰਤ ਸ੍ਰੀ 1008 ਸਵਾਮੀ ਨਿਰੰਜਨ ਦਾਸ ਮਹਾਰਾਜ ਨਾਲ ਮੁਲਾਕਾਤ ਕੀਤੀ ਸੀ। ਇਸੇ ਦੌਰੇ ਦੌਰਾਨ ਆਦਮਪੁਰ ਸਿਵਲ ਹਵਾਈ ਅੱਡੇ ਦਾ ਨਾਮ ‘ਗੁਰੂ ਰਵਿਦਾਸ ਮਹਾਰਾਜ ਏਅਰਪੋਰਟ’ ਰੱਖਣ ਦਾ ਐਲਾਨ ਵੀ ਕੀਤਾ ਗਿਆ ਸੀ।
ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਜਲੰਧਰ ਕੈਂਟ ਰੇਲਵੇ ਸਟੇਸ਼ਨ ‘ਤੇ 5 ਹਜ਼ਾਰ ਤੋਂ ਵੱਧ ਲੋਕਾਂ ਦੀ ਬੈਠਕ ਸਮਰੱਥਾ ਵਾਲਾ ਵਾਟਰਪ੍ਰੂਫ਼ ਪੰਡਾਲ ਤਿਆਰ ਕੀਤਾ ਜਾ ਰਿਹਾ ਹੈ।
ਸੁਰੱਖਿਆ ਦੇ ਮੱਦੇਨਜ਼ਰ ਸਮਾਗਮ ਸਥਲ ਦੇ ਆਲੇ-ਦੁਆਲੇ ਬੈਰੀਕੇਡਿੰਗ ਕੀਤੀ ਗਈ ਹੈ ਅਤੇ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (SPG) ਨੇ ਵੀ ਸੁਰੱਖਿਆ ਦੀ ਕਮਾਨ ਸੰਭਾਲ ਲਈ ਹੈ। ਪੰਡਾਲ ਅਤੇ ਸਟੇਜ ਦਾ ਨਿਰਮਾਣ ਇੱਕ ਗੁਜਰਾਤੀ ਕੰਪਨੀ ਵੱਲੋਂ ਕੀਤਾ ਜਾ ਰਿਹਾ ਹੈ।
ਸੋਮਵਾਰ ਨੂੰ ਡਿਪਟੀ ਕਮਿਸ਼ਨਰ ਵਰਜੀਤ ਸਿੰਘ ਵਾਲੀਆ ਅਤੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਸਮਾਗਮ ਸਥਲ ਦਾ ਦੌਰਾ ਕਰਕੇ ਸੁਰੱਖਿਆ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਜਾਣਕਾਰੀ ਮੁਤਾਬਕ, ਪ੍ਰਧਾਨ ਮੰਤਰੀ ਮੋਦੀ ਜਲੰਧਰ ਪਹੁੰਚਣ ਤੋਂ ਪਹਿਲਾਂ ਹਰਿਆਣਾ ਦੇ ਜੀੰਦ ਵਿੱਚ ਹਾਈਡ੍ਰੋਜਨ ਟ੍ਰੇਨ ਨੂੰ ਹਰੀ ਝੰਡੀ ਦਿਖਾਉਣਗੇ, ਜਿਸ ਤੋਂ ਬਾਅਦ ਉਹ ਦੁਪਹਿਰ ਵੇਲੇ ਜਲੰਧਰ ਪਹੁੰਚਣਗੇ।



















