ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪਲੇਸਮੈਂਟ ਕੈਂਪ

59
ਰੂਪਨਗਰ, 13 ਜੁਲਾਈ 2026 AJ DI Awaaj
Punjab Desk  : ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਵਧੇਰੇ ਮੌਕੇ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀ ਅਦਿੱਤਿਆ ਡੇਚਲਵਾਲ ਦੀ ਅਗਵਾਈ ਹੇਠ ਹਫ਼ਤਾਵਾਰੀ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ 14 ਜੁਲਾਈ ਨੂੰ ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਿੰਨੀ ਸਕੱਤਰੇਤ, ਡੀ.ਸੀ. ਕੰਪਲੈਕਸ, ਰੂਪਨਗਰ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾਵੇਗਾ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਪੀ.ਐਸ.ਪੀ.ਸੀ.ਐੱਲ. ਟੀ.ਡੀ.ਐੱਸ. ਪ੍ਰੋਜੈਕਟ ਲਈ ਵੱਖ-ਵੱਖ ਅਸਾਮੀਆਂ ‘ਤੇ ਭਰਤੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਮੀਟਰ ਰੀਡਰ ਦੀਆਂ ਅਸਾਮੀਆਂ ਲਈ ਬਾਰਵੀਂ ਜਾਂ ਇਸ ਤੋਂ ਉੱਚੀ ਯੋਗਤਾ ਰੱਖਣ ਵਾਲੇ 18 ਤੋਂ 50 ਸਾਲ ਉਮਰ ਦੇ ਪੁਰਸ਼ ਅਤੇ ਮਹਿਲਾ ਉਮੀਦਵਾਰ ਇੰਟਰਵਿਊ ਵਿੱਚ ਸ਼ਾਮਲ ਹੋ ਸਕਦੇ ਹਨ। ਚੁਣੇ ਗਏ ਉਮੀਦਵਾਰਾਂ ਨੂੰ 12,500 ਤੋਂ 25,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਵੇਗੀ। ਇਸ ਅਸਾਮੀ ਲਈ ਉਮੀਦਵਾਰ ਕੋਲ ਆਪਣਾ ਵਾਹਨ ਹੋਣਾ ਲਾਜ਼ਮੀ ਹੈ। ਮੀਟਰ ਰੀਡਰ ਦੀਆਂ ਅਸਾਮੀਆਂ ਵਿੱਚ ਰੂਪਨਗਰ ਲਈ 20, ਸ੍ਰੀ ਆਨੰਦਪੁਰ ਸਾਹਿਬ ਲਈ 10, ਨੰਗਲ ਲਈ 10, ਸ੍ਰੀ ਚਮਕੌਰ ਸਾਹਿਬ ਲਈ 10, ਮੋਰਿੰਡਾ ਲਈ 10, ਕੁਰਾਲੀ ਲਈ 10 ਅਤੇ ਕੀਰਤਪੁਰ ਸਾਹਿਬ ਲਈ 10 ਅਸਾਮੀਆਂ ਉਪਲਬਧ ਹਨ।
ਇਸ ਤੋਂ ਇਲਾਵਾ ਸੁਪਰਵਾਈਜ਼ਰ ਦੀਆਂ 6 ਅਸਾਮੀਆਂ ਲਈ ਕਿਸੇ ਵੀ ਵਿਸ਼ੇ ਵਿੱਚ ਗ੍ਰੈਜੂਏਟ ਉਮੀਦਵਾਰ ਅਰਜ਼ੀ ਦੇ ਸਕਦੇ ਹਨ। ਉਮੀਦਵਾਰ ਕੋਲ ਟੀਮ ਦੀ ਅਗਵਾਈ ਕਰਨ ਦੀ ਸਮਰੱਥਾ ਅਤੇ ਕੰਪਿਊਟਰ ਦਾ ਚੰਗਾ ਗਿਆਨ ਹੋਣਾ ਲਾਜ਼ਮੀ ਹੈ। ਇਨ੍ਹਾਂ ਅਸਾਮੀਆਂ ਵਿੱਚ ਰੂਪਨਗਰ ਲਈ 2, ਸ੍ਰੀ ਅਨੰਦਪੁਰ ਸਾਹਿਬ ਲਈ 2 ਅਤੇ ਕੁਰਾਲੀ ਲਈ 2 ਅਸਾਮੀਆਂ ਹਨ। ਚੁਣੇ ਗਏ ਉਮੀਦਵਾਰਾਂ ਨੂੰ 17,500 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਵੇਗੀ।
ਸਰਕਲ ਇੰਚਾਰਜ ਦੀਆਂ 3 ਅਸਾਮੀਆਂ ਲਈ ਵੀ ਕਿਸੇ ਵੀ ਵਿਸ਼ੇ ਵਿੱਚ ਗ੍ਰੈਜੂਏਟ ਉਮੀਦਵਾਰ ਭਾਗ ਲੈ ਸਕਦੇ ਹਨ। ਇਹ ਅਸਾਮੀਆਂ ਰੂਪਨਗਰ, ਸ੍ਰੀ ਅਨੰਦਪੁਰ ਸਾਹਿਬ ਅਤੇ ਖਰੜ ਵਿਖੇ ਇੱਕ-ਇੱਕ ਹਨ। ਚੁਣੇ ਗਏ ਉਮੀਦਵਾਰਾਂ ਨੂੰ 20,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੀਆਂ ਅਸਾਮੀਆਂ ਲਈ ਪੁਰਸ਼ ਅਤੇ ਮਹਿਲਾ ਦੋਵੇਂ ਉਮੀਦਵਾਰ ਇੰਟਰਵਿਊ ਵਿੱਚ ਸ਼ਾਮਲ ਹੋ ਸਕਦੇ ਹਨ। ਇੱਛੁਕ ਉਮੀਦਵਾਰ ਆਪਣੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਨਿਰਧਾਰਤ ਸਮੇਂ ‘ਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਿੰਨੀ ਸਕੱਤਰੇਤ, ਡੀ.ਸੀ. ਕੰਪਲੈਕਸ, ਰੂਪਨਗਰ ਵਿਖੇ ਪਹੁੰਚਣ।
ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 01881-222104 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।