ਦਿੱਲੀ ‘ਚ ਡਿਊਟੀ ਦੌਰਾਨ ਪੰਜਾਬ ਦਾ ਫ਼ੌਜੀ ਜਵਾਨ ਸ਼ਹੀਦ

22

ਜਗਰਾਉਂ: 10 July 2026 AJ DI Awaaj

Punjab Desk :   ਲੁਧਿਆਣਾ ਦੇ ਜਗਰਾਉਂ ਨੇੜਲੇ ਪਿੰਡ ਗਗੜਾ ਦੇ ਰਹਿਣ ਵਾਲੇ ਭਾਰਤੀ ਫ਼ੌਜ ਦੇ ਨਾਇਕ ਸਿਕੰਦਰ ਸਿੰਘ (33) ਦੀ ਦਿੱਲੀ ਵਿੱਚ ਡਿਊਟੀ ਦੌਰਾਨ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌ*ਤ ਹੋ ਗਈ। ਉਨ੍ਹਾਂ ਦੀ ਮੌ*ਤ ਦੀ ਖ਼ਬਰ ਨਾਲ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ।

ਸਿਕੰਦਰ ਸਿੰਘ ਨੇ ਆਪਣੀ ਪਤਨੀ ਰਮਨਜੀਤ ਕੌਰ ਨਾਲ ਆਖਰੀ ਵਾਰ ਚਾਰ ਦਿਨ ਪਹਿਲਾਂ ਫ਼ੋਨ ‘ਤੇ ਗੱਲ ਕੀਤੀ ਸੀ। ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਛਾਤੀ ਵਿੱਚ ਬਹੁਤ ਦਰਦ ਹੈ ਅਤੇ ਉਹ ਠੀਕ ਤਰ੍ਹਾਂ ਬੋਲ ਵੀ ਨਹੀਂ ਸਕਦੇ। ਇਸ ਤੋਂ ਬਾਅਦ ਉਹ ਆਪਣੀਆਂ ਦੋਵਾਂ ਧੀਆਂ ਨਾਲ ਵੀ ਗੱਲ ਨਹੀਂ ਕਰ ਸਕੇ।

ਰਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪਤੀ ਦੀ ਸੇਵਾ ਅਤੇ ਸਮਰਪਣ ‘ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਸਿਕੰਦਰ ਸਿੰਘ ਹਮੇਸ਼ਾ ਪਰਿਵਾਰ, ਖ਼ਾਸ ਕਰਕੇ ਆਪਣੀਆਂ ਦੋਵਾਂ ਧੀਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਰਹਿੰਦੇ ਸਨ। ਉਹ ਇਸ ਸਾਲ ਜਨਵਰੀ ਵਿੱਚ 45 ਦਿਨਾਂ ਦੀ ਛੁੱਟੀ ‘ਤੇ ਘਰ ਆਏ ਸਨ ਅਤੇ ਮਾਰਚ ਵਿੱਚ ਮੁੜ ਡਿਊਟੀ ‘ਤੇ ਚਲੇ ਗਏ ਸਨ।

ਉਨ੍ਹਾਂ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਸਿਕੰਦਰ ਸਿੰਘ ਨੇ ਉਨ੍ਹਾਂ ਨੂੰ ਪੜ੍ਹਾਈ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ ਅਤੇ ਐਮ.ਏ. ਤੇ ਬੀ.ਐੱਡ. ਤੱਕ ਦੀ ਸਿੱਖਿਆ ਪੂਰੀ ਕਰਵਾਈ। ਰਮਨਜੀਤ ਕੌਰ ਨੇ ਸਰਕਾਰ ਕੋਲ ਅਪੀਲ ਕੀਤੀ ਕਿ ਉਨ੍ਹਾਂ ਦੀਆਂ ਦੋਵਾਂ ਧੀਆਂ ਦੀ ਸਿੱਖਿਆ ਅਤੇ ਭਵਿੱਖ ਲਈ ਹਰ ਸੰਭਵ ਸਹਾਇਤਾ ਦਿੱਤੀ ਜਾਵੇ।

ਨਾਇਕ ਸਿਕੰਦਰ ਸਿੰਘ ਕਰੀਬ 16 ਸਾਲ ਪਹਿਲਾਂ ਭਾਰਤੀ ਫ਼ੌਜ ਵਿੱਚ ਭਰਤੀ ਹੋਏ ਸਨ। ਇੱਕ ਸਧਾਰਨ ਮਜ਼ਦੂਰ ਪਰਿਵਾਰ ਨਾਲ ਸਬੰਧਤ ਸਿਕੰਦਰ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਸਨ ਅਤੇ ਛੋਟੀ ਉਮਰ ਤੋਂ ਹੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਅਤੇ ਦੋ ਛੋਟੀਆਂ ਧੀਆਂ ਹਨ, ਜਿਨ੍ਹਾਂ ਵਿੱਚ ਇੱਕ ਦੀ ਉਮਰ ਢਾਈ ਸਾਲ ਅਤੇ ਦੂਜੀ ਦੀ ਅੱਠ ਮਹੀਨੇ ਹੈ।