ਤਰਨਤਾਰਨ: 09 July 2026 AJ DI Awaaj
Punjab Desk : ਤਰਨਤਾਰਨ ਜ਼ਿਲ੍ਹੇ ਦੇ ਥਾਣਾ ਖਾਲੜਾ ਵਿੱਚ ਤਾਇਨਾਤ ਸਬ-ਇੰਸਪੈਕਟਰ ਸਾਹਿਬ ਸਿੰਘ ਨੂੰ ਸੀਆਈਏ ਸਟਾਫ ਨੇ ਹਿ*ਰਾਸਤ ਵਿੱਚ ਲਿਆ ਹੈ। ਸੂਤਰਾਂ ਮੁਤਾਬਕ, ਉਸ ਕੋਲੋਂ ਕਰੀਬ 300 ਗ੍ਰਾਮ ਹੈ*ਰੋਇਨ ਅਤੇ ਕਥਿਤ ਡ*ਰੱਗ ਮਨੀ ਬਰਾਮਦ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਸਬੰਧੀ ਪੁਲਿਸ ਵੱਲੋਂ ਅਜੇ ਤੱਕ ਕੋਈ ਵਿਸਥਾਰਪੂਰਵਕ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ।
ਜਾਣਕਾਰੀ ਅਨੁਸਾਰ, ਖੂਫੀਆ ਸੂਚਨਾ ਦੇ ਆਧਾਰ ‘ਤੇ ਐਸਪੀ (ਜਾਂਚ) ਰਿਪੁਤਾਪਨ ਸਿੰਘ ਦੀ ਅਗਵਾਈ ਹੇਠ ਸੀਆਈਏ ਟੀਮ ਨੇ ਕਾਰਵਾਈ ਕੀਤੀ। ਸੂਤਰਾਂ ਦਾ ਦਾਅਵਾ ਹੈ ਕਿ ਇਹ ਬਰਾਮਦਗੀ ਝਬਾਲ ਨੇੜਲੇ ਇੱਕ ਅਹਾਤੇ ਤੋਂ ਹੋਈ, ਜਿਸ ਨੂੰ ਸਾਹਿਬ ਸਿੰਘ ਨਾਲ ਜੋੜਿਆ ਜਾ ਰਿਹਾ ਹੈ।
ਸੂਤਰਾਂ ਮੁਤਾਬਕ, ਜਾਂਚ ਏਜੰਸੀਆਂ ਇਹ ਵੀ ਪੜਤਾਲ ਕਰ ਰਹੀਆਂ ਹਨ ਕਿ ਕੀ ਇਸ ਮਾਮਲੇ ਦੇ ਤਾਰ ਸਰਹੱਦ ਪਾਰ ਤੋਂ ਡਰੋਨ ਰਾਹੀਂ ਆਉਣ ਵਾਲੇ ਕਥਿਤ ਨ*ਸ਼ਾ ਤਸਕਰੀ ਨੈੱਟਵਰਕ ਨਾਲ ਜੁੜਦੇ ਹਨ। ਇੱਕ ਔਰਤ ਦੀ ਸੰਭਾਵਿਤ ਭੂਮਿਕਾ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਇਨ੍ਹਾਂ ਦਾਵਿਆਂ ਦੀ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ।
ਸਾਹਿਬ ਸਿੰਘ ਨੂੰ ਬੀਤੀ ਰਾਤ ਥਾਣਾ ਖਾਲੜਾ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਉਸ ਤੋਂ ਪੁੱਛਗਿੱਛ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਪਹਿਲਾਂ ਵੀ ਖਾਲੜਾ ਅਤੇ ਖੇਮਕਰਨ ਥਾਣਿਆਂ ਵਿੱਚ ਤਾਇਨਾਤ ਰਹਿ ਚੁੱਕਾ ਹੈ।
ਪੁਲਿਸ ਦਾ ਅਧਿਕਾਰਕ ਪੱਖ ਅਤੇ ਜਾਂਚ ਦੀ ਅੰਤਿਮ ਰਿਪੋਰਟ ਆਉਣ ਤੋਂ ਬਾਅਦ ਹੀ ਮਾਮਲੇ ਦੀ ਪੂਰੀ ਤਸਵੀਰ ਸਪੱਸ਼ਟ ਹੋਵੇਗੀ।














