ISA ਨੇ ਬੁਪੀਵਾਕੇਨ ਦੀ ਵਰਤੋਂ ਤੁਰੰਤ ਰੋਕਣ ਦੀ ਦਿੱਤੀ ਸਲਾਹ

28

India 01 July 2026 AJ DI Awaaj

National Desk :  ਇੰਡੀਅਨ ਸੋਸਾਇਟੀ ਆਫ਼ ਅਨੈਸਥੀਸੀਓਲੋਜਿਸਟਸ (ISA) ਨੇ ਦੇਸ਼ ਭਰ ਦੇ ਅਨੈਸਥੀਸੀਓਲੋਜਿਸਟਸ ਨੂੰ ਥੈਮਿਸ ਕੰਪਨੀ ਵੱਲੋਂ ਨਿਰਮਿਤ ਬੁਪੀਵਾਕੇਨ (Bupivacaine) ਦੀ ਵਰਤੋਂ ਤੁਰੰਤ ਬੰਦ ਕਰਨ ਦੀ ਸਲਾਹ ਦਿੱਤੀ ਹੈ। ਇਹ ਐਡਵਾਈਜ਼ਰੀ ਸਪਾਈਨਲ ਅਨੈਸਥੀਸੀਆ ਦੌਰਾਨ ਇਸ ਦਵਾਈ ਦੀ ਵਰਤੋਂ ਤੋਂ ਬਾਅਦ ਸਾਹਮਣੇ ਆਈਆਂ ਕਈ ਗੰਭੀਰ ਪ੍ਰਤੀਕੂਲ ਘਟਨਾਵਾਂ ਦੇ ਮੱਦੇਨਜ਼ਰ ਜਾਰੀ ਕੀਤੀ ਗਈ ਹੈ।

ISA ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਜਦੋਂ ਤੱਕ ਜਾਂਚ ਪੂਰੀ ਨਹੀਂ ਹੋ ਜਾਂਦੀ, ਉਦੋਂ ਤੱਕ ਥੈਮਿਸ ਦੁਆਰਾ ਬਣਾਈ ਗਈ ਬੁਪੀਵਾਕੇਨ ਨੂੰ ਸਪਾਈਨਲ ਅਨੈਸਥੀਸੀਆ ਜਾਂ ਹੋਰ ਮੈਡੀਕਲ ਉਦੇਸ਼ਾਂ ਲਈ ਵਰਤਣ ਤੋਂ ਪਰਹੇਜ਼ ਕੀਤਾ ਜਾਵੇ। ਸੰਸਥਾ ਨੇ ਸਪੱਸ਼ਟ ਕੀਤਾ ਕਿ ਇਹ ਫ਼ੈਸਲਾ ਮਰੀਜ਼ਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ।

ਬੁਪੀਵਾਕੇਨ ਕਿੱਥੇ ਵਰਤੀ ਜਾਂਦੀ ਹੈ?

ਬੁਪੀਵਾਕੇਨ ਇੱਕ ਸਥਾਨਕ ਬੇਹੋਸ਼ ਕਰਨ ਵਾਲੀ ਦਵਾਈ ਹੈ, ਜਿਸ ਦੀ ਵਰਤੋਂ ਸਰਜਰੀ ਜਾਂ ਹੋਰ ਮੈਡੀਕਲ ਪ੍ਰਕਿਰਿਆਵਾਂ ਤੋਂ ਪਹਿਲਾਂ ਸਰੀਰ ਦੇ ਕਿਸੇ ਹਿੱਸੇ ਨੂੰ ਸੁੰਨ ਕਰਨ ਲਈ ਕੀਤੀ ਜਾਂਦੀ ਹੈ। ਇਹ ਦਵਾਈ ਖ਼ਾਸ ਤੌਰ ‘ਤੇ ਸੀ-ਸੈਕਸ਼ਨ, ਆਮ ਜਣੇਪੇ ਦੌਰਾਨ ਐਪੀਡਿਊਰਲ, ਹਰਨੀਆ, ਗੋਡੇ ਜਾਂ ਕਮਰ ਦੀ ਸਰਜਰੀ, ਦੰਦਾਂ ਦੇ ਇਲਾਜ, ਯੂਰੋਲੋਜੀ ਅਤੇ ਪੇਟ ਨਾਲ ਸੰਬੰਧਿਤ ਆਪ੍ਰੇਸ਼ਨਾਂ ਵਿੱਚ ਵਰਤੀ ਜਾਂਦੀ ਹੈ।

ਦਵਾਈ ਕਿਵੇਂ ਕੰਮ ਕਰਦੀ ਹੈ?

ਬੁਪੀਵਾਕੇਨ ਨਸਾਂ ਰਾਹੀਂ ਦਰਦ ਦੇ ਸੰਕੇਤਾਂ ਨੂੰ ਦਿਮਾਗ ਤੱਕ ਪਹੁੰਚਣ ਤੋਂ ਰੋਕਦੀ ਹੈ, ਜਿਸ ਨਾਲ ਮਰੀਜ਼ ਨੂੰ ਦਰਦ ਮਹਿਸੂਸ ਨਹੀਂ ਹੁੰਦਾ। ਹਾਲਾਂਕਿ ਕੁਝ ਮਰੀਜ਼ਾਂ ਵਿੱਚ ਇਸ ਦੇ ਗੰਭੀਰ ਸਾਈਡ ਇਫੈਕਟ ਵੀ ਹੋ ਸਕਦੇ ਹਨ। ਖ਼ਾਸ ਕਰਕੇ ਦਿਲ ਦੀ ਬਿਮਾਰੀ, ਹਾਈ ਬਲੱਡ ਪ੍ਰੈਸ਼ਰ ਜਾਂ ਜਿਗਰ ਨਾਲ ਸੰਬੰਧਿਤ ਸਮੱਸਿਆਵਾਂ ਵਾਲੇ ਮਰੀਜ਼ਾਂ ਵਿੱਚ ਇਸ ਦੀ ਵਰਤੋਂ ਵਧੇਰੇ ਸਾਵਧਾਨੀ ਨਾਲ ਕੀਤੀ ਜਾਂਦੀ ਹੈ।

ਫਿਲਹਾਲ ISA ਨੇ ਡਾਕਟਰਾਂ ਨੂੰ ਸਲਾਹ ਦਿੱਤੀ ਹੈ ਕਿ ਜਾਂਚ ਪੂਰੀ ਹੋਣ ਅਤੇ ਨਵੀਂ ਹਦਾਇਤ ਜਾਰੀ ਹੋਣ ਤੱਕ ਥੈਮਿਸ ਦੀ ਬੁਪੀਵਾਕੇਨ ਦੀ ਵਰਤੋਂ ਨਾ ਕੀਤੀ ਜਾਵੇ।