ਐਨਐਫਐਲ ਨੰਗਲ ਵਿੱਚ ਐਚ.ਆਈ.ਵੀ.-ਵੀ.ਡੀ.ਆਰ.ਐਲ ਟੈਸਟਿੰਗ ਕੈਂਪ

24

ਨੰਗਲ 12 ਜੂਨ 2026 AJ DI Awaaj

Punjab Desk : ਪੰਜਾਬ ਏਡਸ ਕੰਟਰੋਲ ਸੋਸਾਇਟੀ ਦੇ ਨਿਰਦੇਸ਼ਾਂ ਅਤੇ ਸਿਵਲ ਸਰਜਨ ਡਾ.ਰਮਨ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਵਲ ਹਸਪਤਾਲ ਨੰਗਲ ਵੱਲੋਂ ਐਨਐਫਐਲ ਨੰਗਲ ਵਿਖੇ ਐਚ.ਆਈ.ਵੀ ਅਤੇ ਵੀ.ਡੀ.ਆਰ.ਐਲ ਟੈਸਟਿੰਗ ਲਈ ਵਿਸ਼ੇਸ਼ ਸਿਹਤ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਅਗਵਾਈ ਡਾ.ਈਸ਼ਾ ਵਰਮਾ, ਸੀਨੀਅਰ ਮੈਡੀਕਲ ਅਫਸਰ ਨੇ ਕੀਤੀ, ਜਦਕਿ ਆਈਸੀਟੀਸੀ ਇੰਚਾਰਜ ਡਾ.ਸੁਰਿੰਦਰ ਕੌਰ ਦੀ ਦੇਖ-ਰੇਖ ਹੇਠ ਟੈਸਟਿੰਗ ਪ੍ਰਕਿਰਿਆ ਸੁਚਾਰੂ ਢੰਗ ਨਾਲ ਚਲਾਈ ਗਈ।
ਕੈਂਪ ਦੌਰਾਨ ਐਨਐਫਐਲ ਦੇ ਕਰਮਚਾਰੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਅਤੇ ਉਨ੍ਹਾਂ ਦੇ ਐਚ.ਆਈ.ਵੀ ਅਤੇ ਵੀ.ਡੀ.ਆਰ.ਐਲ ਟੈਸਟ ਮਿਆਰੀ ਨਿਯਮਾਂ ਅਨੁਸਾਰ ਅਤੇ ਪੂਰੀ ਗੁਪਤਤਾ ਨਾਲ ਕੀਤੇ ਗਏ। ਮੈਡੀਕਲ ਟੀਮ ਵੱਲੋਂ ਟੈਸਟਿੰਗ ਦੇ ਨਾਲ-ਨਾਲ ਭਾਗੀਦਾਰਾਂ ਨੂੰ ਇਨ੍ਹਾਂ ਬਿਮਾਰੀਆਂ ਦੇ ਫੈਲਾਅ, ਲੱਛਣ ਅਤੇ ਬਚਾਅ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਕੈਂਪ ਵਿੱਚ ਦਿਸ਼ਾ ਕਲਸਟਰ ਮੈਡੀਕਲ ਕਾਲਜ ਪਟਿਆਲਾ ਤੋਂ ਡਾ. ਯਾਦਵਿੰਦਰ ਸੀਪੀਐਮ ਅਤੇ ਨਿਤਿਨ ਚੰਡਾਲਾ ਸੀਐਸਓ ਨੇ ਵੀ ਸ਼ਮੂਲੀਅਤ ਕੀਤੀ।
ਜਾਗਰੂਕਤਾ ਸੈਸ਼ਨ ਦੌਰਾਨ ਦੱਸਿਆ ਗਿਆ ਕਿ ਐਚ.ਆਈ.ਵ ਇੱਕ ਗੰਭੀਰ ਵਾਇਰਲ ਇਨਫੈਕਸ਼ਨ ਹੈ ਜੋ ਸਰੀਰ ਦੀ ਰੋਗ-ਪ੍ਰਤੀਰੋਧਕ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ, ਜਦਕਿ ਵੀਡੀਆਰਐਲ ਟੈਸਟ ਸਿਫਲਿਸ ਵਰਗੀ ਸੰਕਰਾਮਕ ਬਿਮਾਰੀ ਦੀ ਪਛਾਣ ਲਈ ਬਹੁਤ ਜ਼ਰੂਰੀ ਹੈ। ਇਸ ਮੌਕੇ ਸੁਰੱਖਿਅਤ ਜੀਵਨ ਸ਼ੈਲੀ, ਸੁਰੱਖਿਅਤ ਯੌਨ ਸੰਪਰਕ, ਸੂਈਆਂ ਦੀ ਸਹੀ ਵਰਤੋਂ ਅਤੇ ਖੂਨ ਦੀ ਜਾਂਚ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ, ਨਾਲ ਹੀ ਮਾਂ ਤੋਂ ਬੱਚੇ ਤੱਕ ਸੰਕਰਮਣ ਨੂੰ ਰੋਕਣ ਲਈ ਸਮੇਂ ਸਿਰ ਜਾਂਚ ਅਤੇ ਇਲਾਜ ‘ਤੇ ਵੀ ਜ਼ੋਰ ਦਿੱਤਾ ਗਿਆ।
ਡਾ.ਸ਼ੇਰ ਗਿੱਲ ਚੀਫ ਮੈਡੀਕਲ ਅਫਸਰ ਐਨ.ਐਫ.ਐਲ ਨੇ ਕਿਹਾ ਕਿ ਅਜਿਹੇ ਕੈਂਪ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਅਤੇ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਕਰਨ ਵਿੱਚ ਮਦਦਗਾਰ ਸਾਬਤ ਹੁੰਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਬਿਨਾਂ ਕਿਸੇ ਝਿਜਕ ਦੇ ਅੱਗੇ ਆ ਕੇ ਆਪਣੀ ਜਾਂਚ ਕਰਵਾਉਣ ਦੀ ਅਪੀਲ ਕੀਤੀ। ਕੈਂਪ ਦੌਰਾਨ ਲੈਬ ਟੈਕਨੀਸ਼ੀਅਨ, ਕਾਊਂਸਲਰ ਅਤੇ ਹੋਰ ਸਟਾਫ ਨੇ ਆਪਣੀ ਭੂਮਿਕਾ ਨਿਭਾਈ ਅਤੇ 50 ਤੋਂ ਵੱਧ ਵਿਅਕਤੀਆਂ ਦੇ ਟੈਸਟ ਸਫਲਤਾਪੂਰਵਕ ਕੀਤੇ ਗਏ।