ਨੰਗਲ 10 ਜੂਨ 2026 Aj Di Awaaj
Punjab Desk: 175 ਸੀਸੀਟੀਵੀ ਕੈਮਰੇ ਪੂਰੇ ਨੰਗਲ ਵਿੱਚ ਤੇ 30 ਕੈਮਰੇ ਹਰ ਚੋਂਕ ਵਿੱਚ ਲਗਾਏ ਜਾਣਗੇ- ਕੈਬਨਿਟ ਮੰਤਰੀ
75-75 ਲੱਖ ਦੀ ਲਾਗਤ ਨਾਲ ਬਰਾਰੀ ਤੇ ਦੁਬੇਟਾ ਵਿਚ ਬਣਾਈ ਜਾਵੇਗੀ ਪਾਣੀ ਦੀ ਟੈਂਕੀ- ਬੈਂਸ
1 ਕਰੋੜ ਨਾਲ ਓਪਨ ਜਿੰਮ, 20 ਲੱਖ ਨਾਲ ਲਾੲਬ੍ਰੇਰੀ, 25 ਲੱਖ ਨਾਲ ਵਾਲ ਪੇਟਿੰਗ, 12 ਲੱਖ ਨਾਲ ਨਵੀਆ ਮੋਟਰਾਂ ਲਗਾਈਆਂ ਜਾਣਗੀਆਂ- ਸਥਾਨਕ ਸਰਕਾਰਾਂ ਮੰਤਰੀ
ਸੜਕਾਂ, ਸੀਵਰੇਜ, ਪਾਣੀ, ਸਫਾਈ, ਟੂਰਿਜ਼ਮ ਅਤੇ ਖੇਡਾਂ ਨੂੰ ਮਿਲੇਗਾ ਵੱਡਾ ਹੁਲਾਰਾ
ਸੀਸੀਟੀਵੀ ਅਤੇ ਮਾਡਰਨ ਸੁਵਿਧਾਵਾਂ ਨਾਲ ਬਣੇਗਾ ਮਾਡਲ ਸ਼ਹਿਰ ਨੰਗਲ
ਨੰਗਲ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਲਗਭਗ 25 ਕਰੋੜ ਰੁਪਏ ਦੇ ਵੱਡੇ ਵਿਕਾਸ ਕਾਰਜਾਂ ਦੇ ਟੈਂਡਰ ਜਾਰੀ ਕੀਤੇ ਜਾ ਰਹੇ ਹਨ। ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਹ ਸਾਰੇ ਕੰਮ ਪਹਿਲੇ ਪੜਾਅ ਵਿੱਚ ਸ਼ੁਰੂ ਹੋ ਰਹੇ ਹਨ ਅਤੇ ਅਗਲੇ 2-3 ਤਿੰਨ ਮਹੀਨਿਆਂ ਵਿੱਚ ਨੰਗਲ ਦੀ ਦਿੱਖ ਪੂਰੀ ਤਰ੍ਹਾਂ ਬਦਲੀ ਹੋਈ ਨਜ਼ਰ ਆਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤਾ ਗਿਆ ਹਰ ਵਾਅਦਾ ਹੁਣ ਜ਼ਮੀਨੀ ਪੱਧਰ ‘ਤੇ ਲਾਗੂ ਕੀਤਾ ਜਾ ਰਿਹਾ ਹੈ ਅਤੇ ਹਰ ਪ੍ਰੋਜੈਕਟ ਦੀ ਖੁਦ ਨਿਗਰਾਨੀ ਕੀਤੀ ਜਾ ਰਹੀ ਹੈ।
ਸਥਾਨਕ ਸਰਕਾਰਾਂ ਮੰਤਰੀ ਨੇ ਦੱਸਿਆ ਕਿ ਨੰਗਲ ਦੇ ਵਾਰਡ ਨੰਬਰ 3, 4, 8, 11, 12, 13 ਅਤੇ 16 ਵਿੱਚ ਕਰੀਬ 40 ਲੱਖ ਰੁਪਏ ਦੀ ਲਾਗਤ ਨਾਲ ਕ੍ਰਿਕਟ ਗ੍ਰਾਊਂਡ ਬਣਾਏ ਜਾਣਗੇ, ਜਿਸ ਨਾਲ ਨੌਜਵਾਨਾਂ ਨੂੰ ਖੇਡਾਂ ਲਈ ਉਤਸ਼ਾਹ ਮਿਲੇਗਾ। ਇਸ ਤੋਂ ਇਲਾਵਾ 25 ਲੱਖ ਰੁਪਏ ਨਾਲ ਸ਼ਹਿਰ ਵਿੱਚ ਵਾਲ ਪੇਂਟਿੰਗ ਕਰਕੇ ਸੁੰਦਰਤਾ ਵਧਾਈ ਜਾਵੇਗੀ। ਗੁਰਦੁਆਰਾ ਘਾਟ ਸਾਹਿਬ ਅਤੇ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਦੇ ਡੰਗਿਆਂ ਦਾ ਕੰਮ ਚੱਲ ਰਿਹਾ ਹੈ। । 20 ਲੱਖ ਰੁਪਏ ਨਾਲ ਨਵੀਂ ਲਾਇਬ੍ਰੇਰੀ ਬਣੇਗੀ ਅਤੇ ਪਾਰਕਾਂ ਵਿੱਚ 1 ਕਰੋੜ ਦੀ ਲਾਗਤ ਨਾਲ ਓਪਨ ਜਿਮ ਲਗਾਏ ਜਾਣਗੇ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਪਾਣੀ ਸਪਲਾਈ ਦੇ ਖੇਤਰ ਵਿੱਚ ਵੱਡੇ ਬਦਲਾਅ ਲਿਆਂਦੇ ਜਾ ਰਹੇ ਹਨ। ਹਰ ਘਰ ਤੱਕ ਸਤਲੁਜ ਦਾ ਸਾਫ ਪਾਣੀ ਪਹੁੰਚਾਉਣ ਲਈ 12 ਲੱਖ ਰੁਪਏ ਨਾਲ ਨਵੀਆਂ ਮੋਟਰਾਂ ਲਗਾਈਆਂ ਜਾਣਗੀਆਂ ਅਤੇ ਮਾਣਕਪੁਰ ਵਿੱਚ ਵਾਟਰ ਟ੍ਰੀਟਮੈਂਟ ਮਾਡਲ ਤਹਿਤ ਸਿਸਟਮ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ 45 ਤੋਂ 50 ਦਿਨਾਂ ਵਿੱਚ ਕਈ ਇਲਾਕਿਆਂ ਨੂੰ ਪਾਣੀ ਦੀ ਸੁਵਿਧਾ ਸੁਧਾਰੀ ਜਾਵੇਗੀ। ਇਸ ਤੋਂ ਇਲਾਵਾ ਬਰਾਰੀ ਅਤੇ ਦੁਬੇਟਾ ਵਿੱਚ 75-75 ਲੱਖ ਦੀ ਲਾਗਤ ਨਾਲ ਦੋ ਵੱਡੀਆਂ ਪਾਣੀ ਦੀਆਂ ਟੈਂਕੀਆਂ ਬਣਾਈਆਂ ਜਾਣਗੀਆਂ, ਜਿਸ ਨਾਲ ਸਟੋਰੇਜ ਸਮਰੱਥਾ ਵਧੇਗੀ ਅਤੇ ਐਮਰਜੈਂਸੀ ਹਾਲਤਾਂ ਵਿੱਚ ਸਹੂਲਤ ਮਿਲੇਗੀ।
ਸ੍ਰ.ਬੈਂਸ ਨੇ ਦੱਸਿਆ ਕਿ ਸੀਵਰੇਜ ਅਤੇ ਪਾਈਪਲਾਈਨ ਪ੍ਰੋਜੈਕਟਾਂ ਲਈ ਵੀ ਵੱਡੇ ਪੱਧਰ ‘ਤੇ ਕੰਮ ਸ਼ੁਰੂ ਕੀਤਾ ਗਿਆ ਹੈ। ਫੋਕਲ ਪੁਆਇੰਟ ਅਤੇ ਬਿਭੌਰ ਸਾਹਿਬ ਵਿੱਚ 52-52 ਲੱਖ ਰੁਪਏ ਨਾਲ ਸੀਵਰੇਜ ਸਿਸਟਮ ਅਪਗ੍ਰੇਡ ਕੀਤਾ ਜਾਵੇਗਾ। ਮੋਜੋਵਾਲ ਵਿੱਚ 12 ਲੱਖ ਨਾਲ ਨਵੀਂ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਪਾਈ ਜਾਵੇਗੀ, ਜਦਕਿ ਵਾਰਡ ਨੰਬਰ 16 ਵਿੱਚ 27 ਲੱਖ ਦੀ ਲਾਗਤ ਨਾਲ ਨਵੀਆਂ ਪਾਈਪ ਲਾਈਨਾਂ ਵਿਛਾਈਆਂ ਜਾਣਗੀਆਂ। ਇਸ ਨਾਲ ਪੁਰਾਣੇ ਅਤੇ ਖਰਾਬ ਸਿਸਟਮ ਦੀ ਥਾਂ ਨਵਾਂ ਮਜ਼ਬੂਤ ਨੈਟਵਰਕ ਤਿਆਰ ਹੋਵੇਗਾ।
ਉਨ੍ਹਾਂ ਨੇ ਦੱਸਿਆ ਕਿ ਸ਼ਹਿਰ ਦੀਆਂ ਸੜਕਾਂ ਨੂੰ ਵੀ ਨਵੀਂ ਸ਼ਕਲ ਦਿੱਤੀ ਜਾ ਰਹੀ ਹੈ। ਲਗਭਗ 5 ਕਰੋੜ ਰੁਪਏ ਨਾਲ ਸੜਕਾਂ ਦੀ ਮੁੜ ਬਣਤਰ, ਮਾਰਕਿੰਗ ਅਤੇ ਸੁੰਦਰਤਾ ਵਧਾਈ ਜਾਵੇਗੀ। 25 ਲੱਖ ਰੁਪਏ ਨਾਲ ਟਾਇਲਟ ਬਲਾਕਾਂ ਦੀ ਮੁਰੰਮਤ ਅਤੇ 25 ਲੱਖ ਨਾਲ ਨਵੇਂ ਮਾਡਰਨ ਬੱਸ ਸਟਾਪ ਬਣਾਏ ਜਾਣਗੇ। ਫੁੱਟਪਾਥਾਂ ਦੀ ਮੁਰੰਮਤ, ਸਟ੍ਰੀਟ ਲਾਈਟਾਂ ਦੀ ਸੁਧਾਰ ਅਤੇ ਕਿਸਾਨ ਮੰਡੀ ਦੇ ਵਿਕਾਸ ਨਾਲ ਸ਼ਹਿਰ ਦੀਆਂ ਸੁਵਿਧਾਵਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
ਸ.ਬੈਂਸ ਨੇ ਦੱਸਿਆ ਕਿ ਟੂਰਿਜ਼ਮ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਵੀ ਵੱਡੇ ਕਦਮ ਚੁੱਕੇ ਜਾ ਰਹੇ ਹਨ। ਬੀਬੀਐਮਬੀ ਕ੍ਰਿਕਟ ਗਰਾਊਂਡ ਨੂੰ ਆਧੁਨਿਕ ਤਰੀਕੇ ਨਾਲ ਵਿਕਸਿਤ ਕਰਕੇ ਫਲੱਡ ਲਾਈਟਾਂ ਲਗਾਈਆਂ ਜਾਣਗੀਆਂ, ਜਿਸ ਨਾਲ ਖਿਡਾਰੀ ਦਿਨ-ਰਾਤ ਅਭਿਆਸ ਕਰ ਸਕਣਗੇ। ਸ਼ਹਿਰ ਵਿੱਚ ਹੋਪ-ਆਨ ਹੋਪ-ਆਫ ਟੂਰਿਸਟ ਬੱਸ ਚਲਾਉਣ ਦੀ ਯੋਜਨਾ ਵੀ ਤਿਆਰ ਹੈ। ਇਸਦੇ ਨਾਲ ਹੀ ਨੰਗਲ ਨੂੰ ਪੂਰੀ ਤਰ੍ਹਾਂ ਸੀਸੀਟੀਵੀ ਕਵਰੇਜ ਵਾਲਾ ਸ਼ਹਿਰ ਬਣਾਇਆ ਜਾਵੇਗਾ, ਜਿਸ ਅਧੀਨ ਲਗਭਗ 175 ਨਾਈਟ ਵਿਜ਼ਨ ਕੈਮਰੇ ਅਤੇ 30 ਆਧੁਨਿਕ ਨੰਬਰ ਪਲੇਟ ਰੀਡਿੰਗ ਕੈਮਰੇ ਲਗਾਏ ਜਾਣਗੇ। ਇੱਕ ਆਧੁਨਿਕ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਜਾਵੇਗਾ। ਮੰਤਰੀ ਬੈਂਸ ਨੇ ਕਿਹਾ ਕਿ ਇਹ ਸਾਰੇ ਉਪਰਾਲੇ ਨੰਗਲ ਨੂੰ ਪੰਜਾਬ ਦਾ ਮਾਡਲ ਸ਼ਹਿਰ ਬਣਾਉਣ ਵੱਲ ਮਹੱਤਵਪੂਰਨ ਕਦਮ ਹਨ।














