ਲੋਕਾਂ ਦਾ ਸਹਾਰਾ ਬਣਿਆ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ

40
ਰੂਪਨਗਰ, 08 ਜੂਨ 2026 AJ DI Awaaj
Punjab Desk   : ‘ਮੁੱਖ ਮੰਤਰੀ ਸਿਹਤ ਯੋਜਨਾ’, ਜੋ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਲੋਕਾਂ ਨਾਲ ਕੀਤਾ ਗਿਆ ਵਾਅਦਾ ਸੀ ਕਿ ਸੂਬੇ ਦੇ ਲੋਕਾਂ ਨੂੰ ਮਿਆਰੀ ਅਤੇ ਨਕਦੀ-ਰਹਿਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ, ਹੁਣ ਇਹ ਵਾਅਦਾ ਸੱਚ ਸਾਬਤ ਹੋ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਰੂਪਨਗਰ ਡਾ ਰਮਨ ਗੁਪਤਾ ਨੇ ਦੱਸਿਆ ਕਿ ‘ਮੁੱਖ ਮੰਤਰੀ ਸਿਹਤ ਯੋਜਨਾ’ 10 ਲੱਖ ਵਾਲਾ ਕਾਰਡ ਲੋਕਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਲਾਗੂ ਹੋਣ ਨਾਲ ਲੋਕਾਂ ਵਿੱਚ ਇਲਾਜ ਨੂੰ ਲੈ ਕੇ ਜੋ ਚਿੰਤਾ ਸੀ, ਉਹ ਹੁਣ ਖਤਮ ਹੋ ਗਈ ਹੈ। ਇਸ ਦੇ ਤਹਿਤ ਲੋਕ ਬਿਨਾਂ ਕਿਸੇ ਵਿੱਤੀ ਬੋਝ ਅਤੇ ਹਸਪਤਾਲਾਂ ਦੇ ਮਹਿੰਗੇ ਬਿੱਲਾਂ ਦੇ ਡਰ ਤੋਂ ਆਪਣਾ ਇਲਾਜ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫ਼ਤ ਕਰਵਾ ਸਕਦੇ ਹਨ ।
ਸਿਵਲ ਸਰਜਨ ਡਾ. ਰਮਨ ਗੁਪਤਾ ਨੇ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਵਿੱਚ ਹੁਣ ਤੱਕ ਕੁੱਲ 6537 ਮਰੀਜ਼ਾਂ ਦਾ ਇਲਾਜ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਰਕਾਰੀ ਹਸਪਤਾਲ ਵਿੱਚ ਕੁੱਲ 3544 ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਕੁੱਲ 2993 ਲੋਕਾਂ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਗਿਆ ਹੈ, ਜਿਸ ਮੁੱਖ ਤੌਰ ਤੇ 28 ਮਰੀਜ਼ਾਂ ਦੇ ਦਿਲ ਦੇ ਸਟੰਟ, 29 ਮਰੀਜ਼ਾਂ ਦੇ ਗੋਡੇ ਬਦਲੇ ਅਤੇ 1020 ਲੋਕਾਂ ਦੇ ਡਾਇਲਿਸਿਸ ਹੋ ਰਹੇ ਹਨ ।
ਸਿਵਲ ਸਰਜਨ ਨੇ ਦੱਸਿਆ ਕਿ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਦਿਲ ਦੀਆਂ ਬਿਮਾਰੀਆਂ, ਕੈਂਸਰ ਦਾ ਇਲਾਜ, ਗੁਰਦੇ ਡਾਇਲਿਸਿਸ, ਦਿਮਾਗ ਅਤੇ ਰੀੜ੍ਹ ਦੀ ਹੱਡੀ ਦੀਆਂ ਸਰਜਰੀਆਂ, ਜਣੇਪਾ ਅਤੇ ਨਵਜੰਮੇ ਬੱਚਿਆਂ ਦੀ ਦੇਖਭਾਲ, ਦੁਰਘਟਨਾ ਅਤੇ ਐਮਰਜੈਂਸੀ ਸੇਵਾਵਾਂ, ਗੋਡੇ ਬਦਲਣ ਵਰਗੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਡਾ.ਰਮਨ ਗੁਪਤਾ ਨੇ ਦੱਸਿਆ ਕਿ ਸਰਕਾਰ ਵੱਲੋਂ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ 17 ਹੋਰ ਮੈਡੀਕਲ ਪ੍ਰਕਿਰਿਆਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਇਸ ਤੋਂ ਪਹਿਲਾਂ ਜੋ ਸਿਰਫ਼ ਸਰਕਾਰੀ ਹਸਪਤਾਲਾਂ ਤੱਕ ਸੀਮਤ ਸਨ। ਉਨ੍ਹਾਂ ਦੱਸਿਆ ਹੁਣ ਕੰਨ,ਨੱਕ,ਤੇ ਗਲਾ(ਈਐਨਟੀ) ਇਲਾਜ ਦੇ ਤਹਿਤ ਹੁਣ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਨੱਕ ਦੀ ਹੱਡੀ ਦਾ ਫਰੈਕਚਰ ਦੀ ਸੈਟਿੰਗ ਤੇ ਐਡੀਨੋਇਡੈਕਟੋਮੀ ਵਰਗੇ ਅਪ੍ਰੇਸ਼ਨ ਕਰਵਾਏ ਜਾ ਸਕਣਗੇ। ਇਸ ਤੋਂ ਇਲਾਵਾ 12 ਹਫ਼ਤਿਆਂ ਤੋਂ ਵੱਧ ਸਮੇਂ ਦੀ ਗਰਭਪਾਤ ਪ੍ਰਕਿਰਿਆ, ਗਰਭ ਅਵਸਥਾ ਨਾਲ ਜੁੜੀ ਸਮੱਸਿਆ, ਹੱਡੀਆਂ ਦੇ ਫਰੈਕਚਰ ਆਦਿ ਸ਼ਾਮਲ ਹਨ।
ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ‘ਮੁੱਖ ਮੰਤਰੀ ਸਿਹਤ ਯੋਜਨਾ’ ਕਾਰਡ ਬਣਵਾਉਣ ਲਈ ਆਪਣੇ ਖੇਤਰ ਦੇ ਕਾਮਨ ਸਰਵਿਸ ਸੈਂਟਰ ਜਾਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਜਾ ਕੇ ਆਪਣਾ ਆਧਾਰ ਕਾਰਡ ਅਤੇ ਵੋਟਰ ਕਾਰਡ ਦਿਖਾ ਕੇ ਕਾਰਡ ਬਣਵਾ ਸਕਦੇ ਹਨ ਅਤੇ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਾਰਡ ਬਣਾਉਣ ਲਈ ਰੂਪਨਗਰ ਜ਼ਿਲ੍ਹੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੱਖ-ਵੱਖ ਥਾਵਾਂ ‘ਤੇ ਕੈਂਪ ਵੀ ਲਗਾਏ ਜਾ ਰਹੇ ਹਨ, ਜਿੱਥੇ ਲੋਕ ਆਪਣੇ ਸਿਹਤ ਕਾਰਡ ਤਿਆਰ ਕਰਵਾ ਸਕਦੇ ਹਨ।