ਮਿਲਾਵਟਖੋਰੀ ਖ਼ਿਲਾਫ਼ ਕਾਰਵਾਈ, 7 ਕੁਇੰਟਲ ਘਿਓ ਜ਼ਬਤ

25

ਅੰਮ੍ਰਿਤਸਰ:03 June 2026 AJ DI Awaaj

Punjab Desk :  ਪੰਜਾਬ ਵਿੱਚ ਮਿਲਾਵਟਖੋਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਫੂਡ ਸੇਫਟੀ ਵਿਭਾਗ ਨੇ ਅੰਮ੍ਰਿਤਸਰ ਦੇ ਰਾਮ ਬਾਗ ਇਲਾਕੇ ਵਿੱਚ ਵੱਡੀ ਕਾਰਵਾਈ ਕਰਦਿਆਂ ਕਰੀਬ 7 ਕੁਇੰਟਲ ਸ਼ੱਕੀ ਦੇਸੀ ਘਿਓ ਬਰਾਮਦ ਕੀਤਾ ਹੈ। ਇਸ ਦੇ ਨਾਲ ਹੀ ਘਿਓ ਅਤੇ ਪਨੀਰ ਦੇ ਨਮੂਨੇ ਜਾਂਚ ਲਈ ਲੈਬ ਭੇਜੇ ਗਏ ਹਨ।

ਸਹਾਇਕ ਕਮਿਸ਼ਨਰ ਫੂਡ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੀ ਕਮਿਸ਼ਨਰ ਕਵਲਜੀਤ ਕੌਰ ਬਰਾੜ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਿਲਾਵਟਖੋਰਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤਹਿਤ ਦੁੱਧ, ਦਹੀਂ, ਮਿਠਾਈਆਂ ਅਤੇ ਹੋਰ ਖਾਧ ਪਦਾਰਥਾਂ ਦੀ ਨਿਯਮਿਤ ਜਾਂਚ ਕੀਤੀ ਜਾ ਰਹੀ ਹੈ।

ਅੱਜ ਫੂਡ ਸੇਫਟੀ ਅਫ਼ਸਰ ਰਜਨੀ ਅਤੇ ਉਨ੍ਹਾਂ ਦੀ ਟੀਮ ਨੇ ਰਾਮ ਬਾਗ ਸਥਿਤ ਸੋਨੂ ਡੇਅਰੀ ‘ਤੇ ਛਾਪੇਮਾਰੀ ਕੀਤੀ। ਵਿਭਾਗ ਨੂੰ ਇਸ ਡੇਅਰੀ ਸਬੰਧੀ ਕਈ ਸ਼ਿਕਾਇਤਾਂ ਮਿਲ ਰਹੀਆਂ ਸਨ। ਜਾਂਚ ਦੌਰਾਨ ਹਰਿਆਣਾ ਤੋਂ ਆਇਆ ਕਰੀਬ 7 ਕੁਇੰਟਲ ‘ਪ੍ਰਭੂ ਮਾਰਕਾ’ ਦੇਸੀ ਘਿਓ ਕਬਜ਼ੇ ਵਿੱਚ ਲਿਆ ਗਿਆ।

ਅਧਿਕਾਰੀਆਂ ਮੁਤਾਬਕ ਘਿਓ ਨਾਲ ਸਬੰਧਤ ਬਿੱਲ ਵਿੱਚ ਦਰਸਾਈ ਗਈ ਕੀਮਤ ਬਾਜ਼ਾਰ ਦਰਾਂ ਨਾਲੋਂ ਕਾਫ਼ੀ ਘੱਟ ਸੀ, ਜਿਸ ਕਾਰਨ ਉਤਪਾਦ ਦੀ ਗੁਣਵੱਤਾ ਅਤੇ ਸੰਭਾਵਿਤ ਮਿਲਾਵਟ ਨੂੰ ਲੈ ਕੇ ਸ਼ੱਕ ਪੈਦਾ ਹੋਇਆ। ਇਸ ਤੋਂ ਬਾਅਦ ਘਿਓ ਅਤੇ ਮੌਕੇ ‘ਤੇ ਤਿਆਰ ਕੀਤੇ ਜਾ ਰਹੇ ਪਨੀਰ ਦੇ ਸੈਂਪਲ ਲੈਬ ਟੈਸਟ ਲਈ ਭੇਜ ਦਿੱਤੇ ਗਏ।

ਫੂਡ ਸੇਫਟੀ ਵਿਭਾਗ ਨੇ ਕਿਹਾ ਹੈ ਕਿ ਜੇਕਰ ਲੈਬ ਰਿਪੋਰਟ ਵਿੱਚ ਮਿਲਾਵਟ ਦੀ ਪੁਸ਼ਟੀ ਹੁੰਦੀ ਹੈ ਤਾਂ ਸੰਬੰਧਿਤ ਸਟਾਕ ਨੂੰ ਨਸ਼ਟ ਕੀਤਾ ਜਾਵੇਗਾ ਅਤੇ ਵਿਕਰੇਤਾ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਵਿਭਾਗ ਨੇ ਖਾਧ ਪਦਾਰਥਾਂ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਮਿਲਾਵਟ, ਨਕਲੀ ਉਤਪਾਦਾਂ ਦੀ ਵਿਕਰੀ ਜਾਂ ਕਾਲਾਬਾਜ਼ਾਰੀ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।