ਭਵਾਨੀਗੜ੍ਹ, 02 ਜੂਨ 2026 AJ DI Awaaj
Punjab Desk : ਝੋਨੇ ਦੀ ਕਾਸ਼ਤ ਵਿੱਚ ਪਾਣੀ ਦੀ ਬਚਤ ਕਰਨ ਵਾਲੀਆਂ ਤਕਨੀਕਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪੀ.ਏ.ਯੂ.-ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਵੱਲੋਂ ਪਿੰਡ ਚੰਨੋ ਵਿਖੇ ਸਿੱਧਾ ਬੀਜਿਆ ਝੋਨਾ ਅਤੇ ਕੱਦੂ ਵਾਲੇ ਝੋਨੇ ਵਿੱਚ ਖਾਦਾਂ ਦੀ ਸੰਤੁਲਿਤ ਵਰਤੋਂ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਨੂੰ ਸੰਬੋਧਨ ਕਰਦਿਆਂ ਡਾ. ਅਸ਼ੋਕ ਕੁਮਾਰ ਗਰਗ, ਸੀਨੀਅਰ ਪਸਾਰ ਵਿਗਿਆਨੀ (ਮਿੱਟੀ ਵਿਗਿਆਨ)-ਕਮ-ਇੰਚਾਰਜ ਸੰਗਰੂਰ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਧਰਤੀ ਹੇਠਲੇ ਪਾਣੀ ਦੀ ਬਚਤ, ਮਜ਼ਦੂਰੀ ਖਰਚਿਆਂ ਵਿੱਚ ਕਮੀ ਅਤੇ ਝੋਨੇ ਦੀ ਕਾਸ਼ਤ ਦੀ ਲਾਗਤ ਘਟਾਉਣ ਲਈ ਇੱਕ ਪ੍ਰਭਾਵਸ਼ਾਲੀ ਤਕਨੀਕ ਹੈ। ਉਨ੍ਹਾਂ ਦੱਸਿਆ ਕਿ ਪੀ.ਏ.ਯੂ. ਵੱਲੋਂ ਸਿਫਾਰਸ਼ ਕੀਤੀ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਣਾਉਣ ਨਾਲ ਸਿੰਚਾਈ ਲਈ ਵਰਤੇ ਜਾਣ ਵਾਲੇ ਪਾਣੀ ਦੀ ਵੱਡੀ ਮਾਤਰਾ ਬਚਾਈ ਜਾ ਸਕਦੀ ਹੈ ਅਤੇ ਸਿਫਾਰਸ਼ਾਂ ਅਨੁਸਾਰ ਖੇਤੀ ਕਰਨ ਨਾਲ ਕੱਦੂ ਵਾਲੇ ਝੋਨੇ ਦੇ ਬਰਾਬਰ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਲੇਜ਼ਰ ਲੈਵਲਿੰਗ, ਸਿਫਾਰਸ਼ ਕੀਤੀਆਂ ਕਿਸਮਾਂ ਦੀ ਚੋਣ ਅਤੇ ਨਦੀਨਾਂ ਦੀ ਸੁਚੱਜੀ ਰੋਕਥਾਮ ਵੱਲ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਕੀਤੀ।
ਡਾ. ਗਰਗ ਨੇ ਮਿੱਟੀ ਦੇ ਨਮੂਨੇ ਲੈਣ ਦੀ ਵਿਗਿਆਨਕ ਵਿਧੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਮੌਕੇ ’ਤੇ ਮਿੱਟੀ ਦੇ ਨਮੂਨੇ ਇਕੱਠੇ ਕਰਨ ਦਾ ਪ੍ਰੈਕਟੀਕਲ ਪ੍ਰਦਰਸ਼ਨ ਵੀ ਕੀਤਾ। ਉਨ੍ਹਾਂ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਵਿੱਚ ਡੀ.ਏ.ਪੀ. ਦੀ ਬੇਲੋੜੀ ਵਰਤੋਂ ਤੋਂ ਬਚਣ ਅਤੇ ਯੂਰੀਆ ਦੀ ਸੁਚੱਜੀ ਵਰਤੋਂ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਖਾਸ ਤੌਰ ’ਤੇ ਕੱਦੂ ਸਮੇਂ ਦੋ ਤੋਂ ਤਿੰਨ ਬੋਰੀਆਂ ਯੂਰੀਆ ਪਾਉਣ ਦੀ ਪ੍ਰਥਾ ਤੋਂ ਗੁਰੇਜ਼ ਕਰਨ ਲਈ ਕਿਹਾ। ਇਸ ਤੋਂ ਇਲਾਵਾ ਕਿਸਾਨਾਂ ਨੂੰ ਮਿੱਟੀ ਦੀ ਜਾਂਚ ਦੇ ਆਧਾਰ ’ਤੇ ਹੀ ਜ਼ਿੰਕ ਦੀ ਸਿਫਾਰਸ਼ੀ ਮਾਤਰਾ ਵਰਤਣ ਲਈ ਪ੍ਰੇਰਿਤ ਕੀਤਾ।
ਜੈਵਿਕ ਖਾਦਾਂ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਡਾ. ਗਰਗ ਨੇ ਦੱਸਿਆ ਕਿ ਝੋਨੇ ਦੀ ਪਨੀਰੀ ਵਿੱਚ ਐਜ਼ੋਸਪੀਰੀਲਮ ਦੀ ਵਰਤੋਂ ਨਾਲ ਨਾ ਸਿਰਫ਼ ਫਸਲ ਦੀ ਪੈਦਾਵਾਰ ਵਿੱਚ ਵਾਧਾ ਹੁੰਦਾ ਹੈ, ਸਗੋਂ ਮਿੱਟੀ ਦੀ ਜੈਵਿਕ ਸਿਹਤ ਵੀ ਸੁਧਰਦੀ ਹੈ। ਉਨ੍ਹਾਂ ਸਿਹਤਮੰਦ ਪਨੀਰੀ ਤਿਆਰ ਕਰਨ, ਖਾਦ ਪ੍ਰਬੰਧਨ ਅਤੇ ਪਨੀਰੀ ਵਿੱਚ ਬੌਣੇਪਣ ਦੀ ਬਿਮਾਰੀ ਦੀ ਪਛਾਣ ਅਤੇ ਰੋਕਥਾਮ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਡਾ. ਆਕਾਸ਼ਦੀਪ ਸਿੰਘ, ਖੇਤੀਬਾੜੀ ਵਿਕਾਸ ਅਫਸਰ (ਏ.ਡੀ.ਓ.), ਭਵਾਨੀਗੜ੍ਹ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਮੱਕੀ ਦੀ ਕਾਸ਼ਤ, ਝੋਨੇ ਦੀ ਸਿੱਧੀ ਬਿਜਾਈ ਅਪਣਾਉਣ ਅਤੇ ਜਿਪਸਮ ’ਤੇ ਮਿਲਣ ਵਾਲੀ ਸਬਸਿਡੀ ਸਬੰਧੀ ਵੀ ਜਾਣੂ ਕਰਵਾਇਆ ਅਤੇ ਝੋਨੇ ਦੀ ਸਿੱਧੀ ਬਿਜਾਈ ਵਿੱਚ ਨਦੀਨਾਂ ਦੀ ਰੋਕਥਾਮ ਲਈ ਸਿਫਾਰਸ਼ਾਂ ਸਾਂਝੀਆਂ ਕੀਤੀਆਂ।
ਕਿਸਾਨਾਂ ਨੂੰ ਬਾਸਮਤੀ ਦੀਆਂ ਕਿਸਮਾਂ ਪੂਸਾ ਬਾਸਮਤੀ 1509 ਅਤੇ ਪੂਸਾ ਬਾਸਮਤੀ 1847 ਵਿੱਚ ਖਾਦ ਪ੍ਰਬੰਧਨ ਅਤੇ ਬੀਜ ਸੋਧ ਸਬੰਧੀ ਸਿਫਾਰਸ਼ਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪਿੰਡਾਂ ਦੇ ਨੌਜਵਾਨਾਂ ਨੂੰ ਪੀ.ਏ.ਯੂ. ਲੁਧਿਆਣਾ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਕੋਰਸਾਂ ਵਿੱਚ ਦਾਖਲਾ ਲੈ ਕੇ ਖੇਤੀ ਅਤੇ ਸਹਾਇਕ ਖੇਤਰਾਂ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਕੈਂਪ ਦੌਰਾਨ ਪ੍ਰਗਤੀਸ਼ੀਲ ਕਿਸਾਨ ਸ. ਬਲਪ੍ਰੀਤ ਸਿੰਘ ਦੇ ਖੇਤ ਵਿੱਚ ਲਗਭਗ ਡੇਢ ਏਕੜ ਰਕਬੇ ਵਿੱਚ ਬੀਜੇ ਗਏ ਝੋਨੇ ਦੀ ਸਿੱਧੀ ਬਿਜਾਈ ਦਾ ਖੇਤ ਪੱਧਰੀ ਪ੍ਰਦਰਸ਼ਨ ਵੀ ਦੇਖਿਆ ਗਿਆ। ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਦੀ ਟੀਮ ਵੱਲੋਂ ਕਿਸਾਨ ਨੂੰ ਬੀਜ ਦਰ ਅਤੇ ਮਸ਼ੀਨ ਦੀ ਸਹੀ ਸੈਟਿੰਗ ਬਾਰੇ ਮੌਕੇ ’ਤੇ ਹੀ ਤਕਨੀਕੀ ਸਲਾਹ ਦਿੱਤੀ ਗਈ।
ਪ੍ਰੋਗਰਾਮ ਦੇ ਅੰਤ ਵਿੱਚ ਕਿਸਾਨਾਂ ਨੂੰ ਐਜ਼ੋਸਪੀਰੀਲਮ ਕਲਚਰ ਅਤੇ ਪੀ.ਏ.ਯੂ. ਦਾ ਸਾਹਿਤ ਉਪਲਬਧ ਕਰਵਾਇਆ ਗਿਆ। ਕਿਸਾਨਾਂ ਨੇ ਮਾਹਿਰਾਂ ਨਾਲ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ ਅਤੇ ਮਿੱਟੀ ਦੀ ਜਾਂਚ ਕਰਵਾ ਕੇ ਮਿੱਟੀ ਟੈਸਟ ਆਧਾਰਿਤ ਖਾਦ ਪ੍ਰਬੰਧਨ ਅਪਣਾਉਣ ਵਿੱਚ ਗਹਿਰੀ ਦਿਲਚਸਪੀ ਦਿਖਾਈ।














