28 May 2026 Aj Di Awaaj
Chandigarh Desk: ਚੰਡੀਗੜ੍ਹ ਟਰਾਈਸਿਟੀ ਦੇ ਚਰਚਿਤ ਰੀਅਲ ਐਸਟੇਟ ਨੈੱਟਵਰਕ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਆਪਣੀ ਜਾਂਚ ਦਾ ਦਾਇਰਾ ਹੋਰ ਵਧਾ ਦਿੱਤਾ ਹੈ। ਰਾਇਲ ਬਿਲਡਰ ਅਤੇ ਰਾਇਲ ਐਸਟੇਟ ਗਰੁੱਪ ਨਾਲ ਜੁੜੇ ਮਾਮਲੇ ਵਿੱਚ ਸ਼ੁਰੂਆਤੀ ਜਾਂਚ ਦੌਰਾਨ ਕਰੋੜਾਂ ਰੁਪਏ ਸ਼ੈੱਲ ਕੰਪਨੀਆਂ ਵਿੱਚ ਟਰਾਂਸਫਰ ਕੀਤੇ ਜਾਣ ਦੇ ਸੰਕੇਤ ਮਿਲੇ ਹਨ।
ਹੁਣ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਅਤੇ ਪੰਜਾਬ ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੇ ਉਹ ਅਧਿਕਾਰੀ ਵੀ ਜਾਂਚ ਦੇ ਘੇਰੇ ਵਿੱਚ ਆ ਗਏ ਹਨ, ਜਿਨ੍ਹਾਂ ਨੇ ਸੰਬੰਧਿਤ ਪ੍ਰੋਜੈਕਟਾਂ ਨੂੰ ਮਨਜ਼ੂਰੀਆਂ ਅਤੇ ਸੀਐਲਯੂ (ਚੇਂਜ ਆਫ ਲੈਂਡ ਯੂਜ਼) ਦਿੱਤਾ ਸੀ।
ਈਡੀ ਉਹਨਾਂ ਅਧਿਕਾਰੀਆਂ ਨੂੰ ਸਮਨ ਭੇਜਣ ਦੀ ਤਿਆਰੀ ਕਰ ਰਹੀ ਹੈ, ਜਿਨ੍ਹਾਂ ਦੇ ਕਾਰਜਕਾਲ ਦੌਰਾਨ ਇਹ ਪ੍ਰੋਜੈਕਟ ਮਨਜ਼ੂਰ ਕੀਤੇ ਗਏ ਸਨ। ਏਜੰਸੀ ਇਹ ਵੀ ਜਾਂਚ ਰਹੀ ਹੈ ਕਿ ਵਿੱਤੀ ਬਕਾਇਆ ਹੋਣ ਦੇ ਬਾਵਜੂਦ ਪ੍ਰੋਜੈਕਟਾਂ ਨੂੰ ਅੱਗੇ ਕਿਵੇਂ ਵਧਾਇਆ ਗਿਆ।
ਮੰਗਲਵਾਰ ਨੂੰ ਈਡੀ ਦੀ ਚੰਡੀਗੜ੍ਹ ਅਤੇ ਦਿੱਲੀ ਯੂਨਿਟ ਨੇ ਸਾਂਝੀ ਕਾਰਵਾਈ ਕਰਦੇ ਹੋਏ ਚੰਡੀਗੜ੍ਹ, ਮੋਹਾਲੀ, ਜੀਰਕਪੁਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਵੱਡੀ ਮਾਤਰਾ ਵਿੱਚ ਡਿਜ਼ਿਟਲ ਡਾਟਾ, ਬੈਂਕ ਰਿਕਾਰਡ, ਜਾਇਦਾਦੀ ਦਸਤਾਵੇਜ਼ ਅਤੇ ਵਿੱਤੀ ਲੈਣ-ਦੇਣ ਨਾਲ ਜੁੜੀਆਂ ਫਾਈਲਾਂ ਜ਼ਬਤ ਕੀਤੀਆਂ ਗਈਆਂ।
ਜਾਂਚ ਏਜੰਸੀ ਨੂੰ ਸ਼ੱਕ ਹੈ ਕਿ ਖਰੀਦਦਾਰਾਂ ਅਤੇ ਨਿਵੇਸ਼ਕਾਂ ਤੋਂ ਇਕੱਠੀ ਕੀਤੀ ਗਈ ਰਕਮ ਨੂੰ ਪ੍ਰੋਜੈਕਟਾਂ ‘ਚ ਲਗਾਉਣ ਦੀ ਬਜਾਏ ਵੱਖ-ਵੱਖ ਕੰਪਨੀਆਂ ਵਿੱਚ ਟਰਾਂਸਫਰ ਕੀਤਾ ਗਿਆ। ਕਈ ਸ਼ੱਕੀ ਇੰਟਰ-ਕੰਪਨੀ ਟਰਾਂਜ਼ੈਕਸ਼ਨ ਵੀ ਸਾਹਮਣੇ ਆਏ ਹਨ।
ਈਡੀ ਹੁਣ ਇਨ੍ਹਾਂ ਕੰਪਨੀਆਂ ਦੇ ਡਾਇਰੈਕਟਰਾਂ, ਸ਼ੇਅਰਹੋਲਡਿੰਗ ਪੈਟਰਨ ਅਤੇ ਬੈਂਕ ਲੈਣ-ਦੇਣ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ। ਏਜੰਸੀ ਨੂੰ ਸ਼ੱਕ ਹੈ ਕਿ ਸ਼ੈੱਲ ਕੰਪਨੀਆਂ ਦਾ ਇਸਤੇਮਾਲ ਮਨੀ ਟ੍ਰੇਲ ਲੁਕਾਉਣ ਅਤੇ ਫੰਡ ਦੀ ਲੇਅਰਿੰਗ ਲਈ ਕੀਤਾ ਗਿਆ।
ਇਹ ਮਾਮਲਾ ਪੰਜਾਬ ਪੁਲਿਸ ਵੱਲੋਂ 19 ਜੁਲਾਈ 2025 ਨੂੰ ਦਰਜ ਕੀਤੀ ਗਈ ਐਫਆਈਆਰ ਨਾਲ ਜੁੜਿਆ ਹੋਇਆ ਹੈ। ਦੋਸ਼ ਹੈ ਕਿ ਮੋਹਾਲੀ ਦੇ ਕਰਾਲਾ ਪਿੰਡ ਵਿੱਚ ਰਿਹਾਇਸ਼ੀ ਪ੍ਰੋਜੈਕਟ ਨਾਲ ਸੰਬੰਧਿਤ ਗਮਾਡਾ ਦੀਆਂ ਦੇਣਦਾਰੀਆਂ ਦਾ ਭੁਗਤਾਨ ਜਾਣਬੁੱਝ ਕੇ ਨਹੀਂ ਕੀਤਾ ਗਿਆ ਅਤੇ ਕਰੀਬ 232.67 ਕਰੋੜ ਰੁਪਏ ਦੇ ਚੈਕ ਬਾਊਂਸ ਹੋਏ।
ਇਸ ਮਾਮਲੇ ਵਿੱਚ ਪ੍ਰਵੀਣ ਕਾਂਸਲ ਉਰਫ ਰਾਕੀ, ਨੀਰਜ ਕਾਂਸਲ, ਦਲਜੀਤ ਸਿੰਘ, ਅਨੁਰਾਗ ਮਿਧਾ, ਲਿਆਕਤ ਅਲੀ ਅਤੇ ਸੁਮਿਤ ਬੰਸਲ ਸਮੇਤ ਕਈ ਨਾਮ ਸਾਹਮਣੇ ਆਏ ਹਨ। ਈਡੀ ਇਸ ਵੇਲੇ ਜ਼ਬਤ ਦਸਤਾਵੇਜ਼ਾਂ ਅਤੇ ਡਿਜ਼ਿਟਲ ਡਾਟਾ ਦੀ ਫੋਰੈਂਸਿਕ ਜਾਂਚ ਕਰ ਰਹੀ ਹੈ।














