17 ਮਈ ਨੂੰ ਵਿਸ਼ਵ ਹਾਈਪਰਟੈਨਸ਼ਨ ਦਿਵਸ ਤੇ ਵਿਸੇਸ਼

17

ਤਲਵਾੜਾ, 16 ਮਈ 2026 AJ DI Awaaj

Punjab Desk   — ਬੀਬੀਐਮਬੀ ਦੇ ਸਿਹਤ ਜਾਗਰੂਕਤਾ ਪ੍ਰੋਗਰਾਮ ਤਹਿਤ ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਦੇ ਨਿਰਦੇਸ਼ਾਂ ਤੇ ਵਿਸ਼ਵ ਹਾਈਪਰਟੈਨਸ਼ਨ ਦਿਵਸ (17 ਮਈ) ਦੇ ਮੌਕੇ ‘ਤੇ ਬੀਬੀਐਮਬੀ ਹਸਪਤਾਲ ਤਲਵਾੜਾ ਦੇ ਸੀਨੀਅਰ ਡਾਕਟਰ ਡਾ. ਸੁਖਦੇਵ ਸਿੰਘ ਸੰਧੂ ਵੱਲੋਂ ਲੋਕਾਂ ਨੂੰ ਉੱਚ ਰਕਤਚਾਪ (ਹਾਈਪਰਟੈਨਸ਼ਨ) ਬਾਰੇ ਜਾਗਰੂਕ ਕਰਦਿਆਂ ਇਸ ਬਿਮਾਰੀ ਦੇ ਕਾਰਨ, ਬਚਾਅ ਅਤੇ ਇਲਾਜ ਸਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਡਾ. ਸੰਧੂ ਨੇ ਦੱਸਿਆ ਕਿ ਹਾਈਪਰਟੈਨਸ਼ਨ ਨੂੰ “ਸਾਇਲੈਂਟ ਕਿਲਰ” (ਚੁੱਪਚਾਪ ਮੌਤ ਦਾ ਕਾਰਨ ਵਾਲਾ ਰੋਗ) ਵੀ ਕਿਹਾ ਜਾਂਦਾ ਹੈ ਕਿਉਂਕਿ ਕਈ ਵਾਰ ਇਸ ਦੇ ਲੱਛਣ ਸਪੱਸ਼ਟ ਨਹੀਂ ਹੁੰਦੇ, ਪਰ ਇਹ ਦਿਲ ਦੀ ਬਿਮਾਰੀ, ਸਟ੍ਰੋਕ, ਗੁਰਦੇ ਦੀ ਬਿਮਾਰੀ ਅਤੇ ਹੋਰ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਤਣਾਅ ਭਰੀ ਜੀਵਨਸ਼ੈਲੀ, ਵੱਧ ਨਮਕ ਦੀ ਵਰਤੋਂ, ਧੂਮਰਪਾਨ, ਸ਼ਰਾਬ ਦਾ ਸੇਵਨ, ਮੋਟਾਪਾ, ਕਸਰਤ ਦੀ ਘਾਟ ਅਤੇ ਗਲਤ ਖਾਣ-ਪੀਣ ਦੀਆਂ ਆਦਤਾਂ ਹਾਈਪਰਟੈਨਸ਼ਨ ਦੇ ਮੁੱਖ ਕਾਰਨ ਹਨ।

ਡਾ. ਸੰਧੂ ਨੇ ਦੱਸਿਆ ਕਿ ਇਸ ਸਾਲ ਵਿਸ਼ਵ ਹਾਈਪਰਟੈਨਸ਼ਨ ਦਿਵਸ ਦਾ ਥੀਮ  “ਮਿਲ ਕੇ ਹਾਈਪਰਟੈਨਸ਼ਨ ਦੀ ਰੋਕਥਾਮ” ਰੱਖਿਆ ਗਿਆ ਹੈ, ਜਿਸ ਦਾ ਮਕਸਦ ਲੋਕਾਂ ਵਿੱਚ ਉੱਚ ਰਕਤਚਾਪ ਪ੍ਰਤੀ ਜਾਗਰੂਕਤਾ ਫੈਲਾਉਣਾ, ਨਿਯਮਿਤ ਜਾਂਚ ਨੂੰ ਉਤਸ਼ਾਹਿਤ ਕਰਨਾ ਅਤੇ ਸਾਂਝੇ ਯਤਨਾਂ ਰਾਹੀਂ ਇਸ ਬਿਮਾਰੀ ‘ਤੇ ਕਾਬੂ ਪਾਉਣਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ ‘ਤੇ ਲਗਭਗ 1.3 ਬਿਲੀਅਨ ਲੋਕ ਹਾਈਪਰਟੈਨਸ਼ਨ ਨਾਲ ਪੀੜਤ ਹਨ, ਪਰ ਬਹੁਤ ਸਾਰੇ ਲੋਕਾਂ ਨੂੰ ਆਪਣੀ ਇਸ ਬਿਮਾਰੀ ਬਾਰੇ ਜਾਣਕਾਰੀ ਹੀ ਨਹੀਂ ਹੁੰਦੀ। ਇਸ ਲਈ ਸਮੇਂ-ਸਮੇਂ ‘ਤੇ ਬਲੱਡ ਪ੍ਰੈਸ਼ਰ ਦੀ ਜਾਂਚ ਅਤੇ ਸਿਹਤ ਪ੍ਰਤੀ ਜਾਗਰੂਕਤਾ ਬਹੁਤ ਜ਼ਰੂਰੀ ਹੈ।

ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਹਾਈਪਰਟੈਨਸ਼ਨ ਤੋਂ ਬਚਾਅ ਲਈ ਨਿਯਮਿਤ ਤੌਰ ‘ਤੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਈ ਜਾਵੇ, ਰੋਜ਼ਾਨਾ ਕਸਰਤ ਕੀਤੀ ਜਾਵੇ, ਹਰੀ ਸਬਜ਼ੀਆਂ ਅਤੇ ਸੰਤੁਲਿਤ ਖੁਰਾਕ ਦਾ ਸੇਵਨ ਕੀਤਾ ਜਾਵੇ ਅਤੇ ਤਣਾਅ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਨਮਕ ਅਤੇ ਚਰਬੀ ਵਾਲੇ ਭੋਜਨ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ, ਖਾਸ ਕਰਕੇ 40 ਸਾਲ ਦੀ ਉਮਰ ਤੋਂ ਬਾਅਦ।

ਡਾ. ਸੰਧੂ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਉੱਚ ਰਕਤਚਾਪ ਦੀ ਸਮੱਸਿਆ ਹੈ ਤਾਂ ਡਾਕਟਰੀ ਸਲਾਹ ਅਨੁਸਾਰ ਦਵਾਈਆਂ ਨਿਯਮਿਤ ਤੌਰ ‘ਤੇ ਲੈਣੀਆਂ ਚਾਹੀਦੀਆਂ ਹਨ ਅਤੇ ਆਪਣੇ ਬਲੱਡ ਪ੍ਰੈਸ਼ਰ ਦੀ ਨਿਰੰਤਰ ਨਿਗਰਾਨੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਜਾਂਚ ਅਤੇ ਸਹੀ ਇਲਾਜ ਨਾਲ ਹਾਈਪਰਟੈਨਸ਼ਨ ਨੂੰ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ।

ਇਸ ਮੌਕੇ ਡਾ. ਸੰਧੂ ਨੇ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਦੀ ਅਪੀਲ ਵੀ ਕੀਤੀ।