ਪਟਿਆਲਾ ਨੂੰ ਹੜ੍ਹਾਂ ਤੋਂ ਬਚਾਉਣ ਲਈ ਸਰਕਾਰ ਦੀ ਵੱਡੀ ਯੋਜਨਾ : ਡਾ. ਬਲਬੀਰ ਸਿੰਘ

37

ਪਟਿਆਲਾ 15 May 2026 AJ DI Awaaj

Punjab Desk :  ਪਟਿਆਲਾ ਵਿੱਚ ਹੜ੍ਹਾਂ ਦੀ ਸਮੱਸਿਆ ਤੋਂ ਪੱਕੀ ਰਾਹਤ ਦਿਵਾਉਣ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਕੰਮ ਸ਼ੁਰੂ ਕੀਤਾ ਗਿਆ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ Balbir Singh ਨੇ ਦੱਸਿਆ ਕਿ ਦੌਲਤਪੁਰ ਤੋਂ ਡਕਾਲਾ ਰੋਡ ਤੱਕ ਵੱਡੀ ਨਦੀ ਦੇ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਡਕਾਲਾ ਰੋਡ ਤੋਂ ਘੱਗਰ ਦਰਿਆ ਤੱਕ ਕਰੀਬ 4 ਕਿਲੋਮੀਟਰ ਹਿੱਸੇ ਨੂੰ ਹੋਰ ਡੂੰਘਾ ਕਰਕੇ ਪਾਣੀ ਲਿਜਾਣ ਦੀ ਸਮਰੱਥਾ ਵਧਾਈ ਜਾ ਰਹੀ ਹੈ।

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਹੋਰ ਅਧਿਕਾਰੀਆਂ ਨਾਲ ਬੈਠਕ ਦੌਰਾਨ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ ਪਟਿਆਲਾ ਜ਼ਿਲ੍ਹੇ ਵਿੱਚ 6.5 ਲੱਖ ਬੂਟੇ ਲਗਾਏ ਜਾਣਗੇ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਬੂਟੇ ਵੱਡੀ ਨਦੀ ਦੇ ਕਿਨਾਰਿਆਂ ‘ਤੇ ਲਗਾਏ ਜਾਣ ਦੀ ਯੋਜਨਾ ਹੈ, ਜਿਸ ਲਈ ਜੰਗਲਾਤ ਵਿਭਾਗ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਦੌਲਤਪੁਰ ਅਤੇ ਸਨੀ ਇਨਕਲੇਵ ਨੇੜੇ ਬਣ ਰਹੇ ਦੋ ਐਸਟੀਪੀ ਪ੍ਰੋਜੈਕਟਾਂ ‘ਤੇ ਕਰੀਬ 87 ਕਰੋੜ ਰੁਪਏ ਖਰਚੇ ਜਾ ਰਹੇ ਹਨ। ਇਨ੍ਹਾਂ ਪਲਾਂਟਾਂ ਵਿੱਚ ਪਾਣੀ ਨੂੰ ਟਰੀਟ ਕਰਕੇ ਸਿੰਚਾਈ ਲਈ ਵਰਤਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

ਇਸ ਮੌਕੇ ਸਿਹਤ ਮੰਤਰੀ ਨੇ ਹਿਆਣਾ ਕਲਾਂ ਦੇ ਛੱਪੜ ਵਿੱਚ ਮਰੀਆਂ ਮੱਛੀਆਂ ਦੇ ਮਾਮਲੇ ਦਾ ਜਾਇਜ਼ਾ ਲੈਂਦਿਆਂ ਸੰਬੰਧਤ ਵਿਭਾਗਾਂ ਨੂੰ ਤੁਰੰਤ ਸਫਾਈ ਦੇ ਆਦੇਸ਼ ਦਿੱਤੇ। ਉਨ੍ਹਾਂ ਨੇ ਤ੍ਰਿਪੜੀ ਇਲਾਕੇ ਵਿੱਚ ਡੀਐਲਐਫ ਕਾਲੋਨੀ ਨੇੜੇ ਟੁੱਟੀਆਂ ਸੜਕਾਂ ਦਾ ਵੀ ਗੰਭੀਰ ਨੋਟਿਸ ਲਿਆ ਅਤੇ ਨਗਰ ਨਿਗਮ ਤੇ ਸੀਵਰੇਜ ਬੋਰਡ ਨੂੰ ਇੱਕ ਹਫ਼ਤੇ ਅੰਦਰ ਸਮੱਸਿਆ ਹੱਲ ਕਰਨ ਲਈ ਕਿਹਾ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਰਾਨ-ਇਜ਼ਰਾਇਲ ਜੰਗ ਕਾਰਨ ਸਮੱਗਰੀ ਦੀ ਕਮੀ ਹੋਣ ਨਾਲ ਕੁਝ ਸੜਕ ਪ੍ਰੋਜੈਕਟਾਂ ਵਿੱਚ ਦੇਰੀ ਆਈ ਹੈ, ਪਰ ਅਗਲੇ ਕੁਝ ਦਿਨਾਂ ਵਿੱਚ ਪਟਿਆਲਾ ਦਿਹਾਤੀ ਦੀਆਂ 10 ਮੁੱਖ ਸੜਕਾਂ ਦਾ ਕੰਮ ਪੂਰਾ ਕਰ ਦਿੱਤਾ ਜਾਵੇਗਾ।

ਬੈਠਕ ਦੌਰਾਨ ਪਿੰਡਾਂ ਵਿੱਚ ਲਾਲ ਲਕੀਰ ਅੰਦਰ ਮਾਲਕਾਨਾ ਹੱਕ, 42 ਪਿੰਡਾਂ ਵਿੱਚ ਲੋੜਵੰਦਾਂ ਨੂੰ 5 ਮਰਲੇ ਦੇ ਪਲਾਟ, ਟੁੱਟੀਆਂ ਸੜਕਾਂ ਅਤੇ ਬਾਰਨ, ਘਮਰੌਦਾ ਤੇ ਮੰਡੌੜ ਦੇ ਛੱਪੜਾਂ ਦੀ ਸਫਾਈ ਸਮੇਤ ਹੋਰ ਵਿਕਾਸ ਕਾਰਜਾਂ ਦੀ ਵੀ ਸਮੀਖਿਆ ਕੀਤੀ ਗਈ।