ਜਨਗਣਨਾ-2027 ਤਹਿਤ 15 ਮਈ ਤੋਂ 13 ਜੂਨ ਤੱਕ ਗਿਣਤੀਕਾਰ ਘਰ-ਘਰ ਜਾ ਕੇ ਕਰਨਗੇ ਸਰਵੇਖਣ

3

ਹੁਸ਼ਿਆਰਪੁਰ, 14 ਮਈ 2026 Aj Di Awaaj 

Punjab Desk:  ਜ਼ਿਲ੍ਹੇ ਵਿਚ ਜਨਗਣਨਾ-2026-27 ਦੀ ਪ੍ਰਕਿਰਿਆ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗਿਣਤੀਕਾਰਾਂ ਦੀ ਟੀਮ ਨੂੰ ਲੋੜੀਂਦੀ ਟ੍ਰੇਨਿੰਗ ਦੇਣ ਉਪਰੰਤ ਅੱਜ ਰਵਾਨਾ ਕੀਤਾ ਗਿਆ ਜੋ ਸ਼ੁੱਕਰਵਾਰ ਤੋਂ ਘਰ-ਘਰ ਜਾ ਕੇ ਮਰਦਮਸ਼ੁਮਾਰੀ ਲਈ ਪਰਿਵਾਰਾਂ ਦੀ ਲੋੜੀਂਦੀ ਜਾਣਕਾਰੀ ਇਕੱਤਰ ਕਰਨਗੇ।

          ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋੜੀਂਦੀ ਗਿਣਤੀ ਵਿਚ ਗਿਣਤੀਕਾਰਾਂ ਨੂੰ ਵਿਸਥਾਰ ਵਿਚ ਟ੍ਰੇਨਿਗ ਤੋਂ ਬਾਅਦ ਨਾਗਰਿਕਾਂ ਦੇ ਘਰਾਂ ਵਿਚ ਭੇਜਿਆ ਜਾ ਰਿਹਾ ਹੈ ਤਾਂ ਜੋ ਜਨਗਣਨਾ ਦੀ ਪ੍ਰਕਿਰਿਆ ਨੂੰ ਸੁਖਾਲੇ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਵਿਖੇ ਐਸ.ਡੀ.ਐਮ. ਪਰਮਪ੍ਰੀਤ ਸਿੰਘ ਵਲੋਂ ਟੀਮ ਨੂੰ ਰਵਾਨਾ ਕੀਤਾ ਗਿਆ ਜੋ ਸ਼ੁੱਕਰਵਾਰ ਤੋਂ ਉਨ੍ਹਾਂ ਨੂੰ ਦਿੱਤੇ ਇਲਾਕਿਆਂ ਵਿਚ ਸਰਵੇਖਣ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਗਿਣਤੀਕਾਰਾਂ ਨੂੰ ਜਨਗਣਨਾ ਵਾਸਤੇ ਚਾਹੀਦੀ ਜਾਣਕਾਰੀ ਮੁਹੱਈਆ ਕਰਵਾ ਕੇ ਇਨ੍ਹਾਂ ਟੀਮਾਂ ਨਾਲ ਪੂਰਾ ਸਹਿਯੋਗ ਕੀਤਾ ਜਾਵੇ ਤਾਂ ਜੋ ਮਰਦਮਸ਼ੁਮਾਰੀ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਮੁਕੰਮਲ ਕਰਵਾਇਆ ਜਾ ਸਕੇ।

          ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਨਗਣਨਾ ਦੀ ਪ੍ਰਕਿਰਿਆ ਤਹਿਤ 14 ਮਈ ਤੱਕ ਪਰਿਵਾਰਾਂ ਦੀ ਜਾਣਕਾਰੀ https://se.census.gov.in ’ਤੇ ਆਨਲਾਈਨ ਭਰੀ ਜਾ ਸਕਦੀ ਸੀ ਜਿਸ ਤੋਂ ਬਾਅਦ ਹੁਣ ਗਿਣਤੀਕਾਰ ਲੋਕਾਂ ਦੇ ਘਰਾਂ ਵਿਚ ਜਾਣਕਾਰੀ ਇਕੱਤਰ ਕਰਨ ਲਈ ਆਉਣਗੇ। ਉਨ੍ਹਾਂ ਕਿਹਾ ਕਿ ਜਿਹਣੇ ਪਰਿਵਾਰ ਆਪਣੀ ਜਾਣਕਾਰੀ ਆਨਲਾਈਨ ਨਹੀਂ ਸਾਂਝੀ ਕਰ ਸਕੇ ਉਹ ਹੁਣ ਗਿਣਤੀਕਾਰਾਂ ਰਾਹੀਂ ਆਪਣੇ ਪਰਿਵਾਰਾਂ ਦੀ ਜਾਣਕਾਰੀ ਦਰਜ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ ਬਹੁਤ ਹੀ ਸੁਖਾਲੀ ਅਤੇ ਸੌਖੇ ਹੀ ਸਮਝ ਆ ਜਾਣ ਵਾਲੀ ਹੈ ।

          ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰ ਘਰ ਲਈ ਇਕ ਮੋਬਾਇਲ ਨੰਬਰ ਰਜਿਸਟਰਡ ਕੀਤਾ ਜਾਵੇਗਾ ਜਿਸ ਲਈ ਪਰਿਵਾਰ ਦੇ ਮੁਖੀ ਵਲੋਂ ਐਂਟਰੀ ਕੀਤੀ ਜਾਵੇਗੀ ਅਤੇ ਇਸ ਪ੍ਰਕਿਰਿਆ ਦੌਰਾਨ ਪਰਿਵਾਰ ਦੇ ਮੁਖੀ ਦਾ ਨਾਮ ਬਦਲਿਆ ਨਹੀਂ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਆਨਲਾਈਨ ਪ੍ਰਕਿਰਿਆ ਬਹੁਤ ਹੀ ਸੁਖਾਲੀ ਹੈ ਜਿਸ ਵਿਚ ਜ਼ਿਆਦਾਤਰ ਸਵਾਲ ਵਿਕਲਪ ਆਧਾਰਤ ਹਨ ਅਤੇ ਰਜਿਸਟਰੇਸ਼ਨ ਉਪਰੰਤ ਇਕ ਗਿਆਰਾਂ ਅੰਕਾਂ ਦਾ ਕੋਡ ਮਿਲੇਗਾ ਅਤੇ ਉਹ ਕੋਡ ਗਿਣਤੀਕਾਰ ਨੂੰ ਦੱਸਣ ਨਾਲ ਸਮੁੱਚੀ ਪ੍ਰਕਿਰਿਆ ਮੁਕੰਮਲ ਹੋ ਜਾਵੇਗੀ। ਇਸ ਦੌਰਾਨ ਐਸ.ਡੀ.ਐਮ. ਪਰਮਪ੍ਰੀਤ ਸਿੰਘ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਗਿਣਤੀਕਾਰਾਂ ਦੀਆਂ ਟੀਮਾਂ ਨਾਲ ਪੂਰਾ ਸਹਿਯੋਗ ਕਰਕੇ ਜਨਗਣਨਾ ਦੀ ਪ੍ਰਕਿਰਿਆ ਮੁਕੰਮਲ ਕਰਵਾਈ ਜਾਵੇ।

ਕੈਪਸ਼ਨ : 1. ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ।

2 ਐਸ.ਡੀ.ਐਮ. ਪਰਮਪ੍ਰੀਤ ਸਿੰਘ ਗਿਣਤੀਕਾਰਾਂ ਦੀ ਟੀਮ ਦੇ ਨਾਲ