ਤੇਲ ਸੰਕਟ ਦੇ ਸੰਕੇਤ! PM ਮੋਦੀ ਦੀ ਅਪੀਲ ਮਗਰੋਂ ਵੱਡਾ ਖੁਲਾਸਾ

42

Delhi 11 May 2026 AJ DI Awaaj

National Desk :    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ਵਾਸੀਆਂ ਨੂੰ ਪੈਟਰੋਲ-ਡੀਜ਼ਲ ਦੀ ਬਚਤ ਕਰਨ ਅਤੇ ਸਾਵਧਾਨੀ ਵਰਤਣ ਦੀ ਅਪੀਲ ਤੋਂ ਬਾਅਦ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਦੇ ਬਿਆਨ ਨੇ ਚਿੰਤਾ ਵਧਾ ਦਿੱਤੀ ਹੈ। ਮੰਤਰੀ ਨੇ ਖੁਲਾਸਾ ਕੀਤਾ ਕਿ ਸਰਕਾਰੀ ਤੇਲ ਕੰਪਨੀਆਂ ਇਸ ਵੇਲੇ ਹਰ ਰੋਜ਼ ਕਰੀਬ 1,000 ਕਰੋੜ ਰੁਪਏ ਦਾ ਨੁਕਸਾਨ ਝੱਲ ਰਹੀਆਂ ਹਨ ਅਤੇ ਇਸ ਤਿਮਾਹੀ ਦੌਰਾਨ ਇਹ ਘਾਟਾ 1 ਲੱਖ ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ।

ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ, ਗੈਸ ਅਤੇ ਐਲਪੀਜੀ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਤੇਲ ਕੰਪਨੀਆਂ ਮਹਿੰਗੇ ਭਾਅ ‘ਤੇ ਕੱਚਾ ਤੇਲ ਖਰੀਦ ਰਹੀਆਂ ਹਨ, ਪਰ ਲੋਕਾਂ ਨੂੰ ਰਾਹਤ ਦੇਣ ਲਈ ਪੈਟਰੋਲ-ਡੀਜ਼ਲ ਅਤੇ ਗੈਸ ਪੁਰਾਣੀਆਂ ਜਾਂ ਘੱਟ ਕੀਮਤਾਂ ‘ਤੇ ਵੇਚ ਰਹੀਆਂ ਹਨ। ਸਰਕਾਰ ਵੱਲੋਂ ਐਕਸਾਈਜ਼ ਡਿਊਟੀ ਘਟਾਉਣ ਕਾਰਨ ਹਰ ਮਹੀਨੇ ਸਰਕਾਰੀ ਖਜ਼ਾਨੇ ‘ਤੇ ਵੀ ਵੱਡਾ ਬੋਝ ਪੈ ਰਿਹਾ ਹੈ।

ਮੰਤਰੀ ਮੁਤਾਬਕ ਤੇਲ ਕੰਪਨੀਆਂ ਦੀ ਅੰਡਰ-ਰਿਕਵਰੀ, ਯਾਨੀ ਲਾਗਤ ਅਤੇ ਵਿਕਰੀ ਵਿਚਕਾਰ ਦਾ ਫਰਕ, 2 ਲੱਖ ਕਰੋੜ ਰੁਪਏ ਤੋਂ ਵੱਧ ਹੋ ਸਕਦਾ ਹੈ। ਇਸੇ ਕਾਰਨ ਸਰਕਾਰ ਹੁਣ ਲੋਕਾਂ ਨੂੰ ਊਰਜਾ ਬਚਤ ਲਈ ਪ੍ਰੇਰਿਤ ਕਰ ਰਹੀ ਹੈ।

ਹਰਦੀਪ ਪੁਰੀ ਨੇ ਕਿਹਾ ਕਿ ਪੀਐਮ ਮੋਦੀ ਦੀ ਅਪੀਲ ਨੂੰ ਜਨ ਅੰਦੋਲਨ ਬਣਾਉਣ ਦੀ ਲੋੜ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਸਰਕਾਰ ਸਿੱਧੇ ਤੌਰ ‘ਤੇ ਕੀਮਤਾਂ ਵਧਾ ਕੇ ਲੋਕਾਂ ‘ਤੇ ਬੋਝ ਨਹੀਂ ਪਾਉਣਾ ਚਾਹੁੰਦੀ, ਇਸ ਲਈ ਲੋਕਾਂ ਨੂੰ ਖਪਤ ਘਟਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪੀਐਮ ਮੋਦੀ ਦੀ ਅਪੀਲ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਪੈਟਰੋਲ-ਡੀਜ਼ਲ ਦੀ ਬਚਤ, ਵਰਕ ਫ੍ਰੋਮ ਹੋਮ ਅਤੇ ਕੁਦਰਤੀ ਖੇਤੀ ਨੂੰ ਅਪਣਾਉਣਾ ਭਾਰਤ ਨੂੰ ਆਤਮਨਿਰਭਰ ਅਤੇ ਊਰਜਾ ਸੁਰੱਖਿਅਤ ਬਣਾਉਣ ਵੱਲ ਵੱਡਾ ਕਦਮ ਹੈ।

ਉਧਰ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ ਚਿੰਤਤ ਹਨ ਅਤੇ ਇਸੇ ਲਈ ਉਨ੍ਹਾਂ ਨੇ ਲੋਕਾਂ ਨੂੰ ਬਚਤ ਅਤੇ ਸੰਯਮ ਦੀ ਅਪੀਲ ਕੀਤੀ ਹੈ।