ਪਠਾਨਕੋਟ ‘ਚ ਪ੍ਰੇਗਾਬਾਲਿਨ ਦੀ ਖੁੱਲ੍ਹੀ ਵਿਕਰੀ ‘ਤੇ ਪਾਬੰਦੀ

17

ਪਠਾਨਕੋਟ 11 May 2026 AJ DI Awaaj

Punjab Desk :   ਨਸ਼ੇ ਅਤੇ ਦਵਾਈਆਂ ਦੀ ਗਲਤ ਵਰਤੋਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸਖ਼ਤ ਕਦਮ ਚੁੱਕੇ ਹਨ। ਜ਼ਿਲ੍ਹਾ ਮੈਜਿਸਟਰੇਟ ਡਾ. ਪੱਲਵੀ ਆਈਏਐਸ ਵੱਲੋਂ ਜਾਰੀ ਨਵੇਂ ਹੁਕਮਾਂ ਅਨੁਸਾਰ ਹੁਣ ਪ੍ਰੇਗਾਬਾਲਿਨ 150 ਮਿਲੀਗਰਾਮ ਅਤੇ 300 ਮਿਲੀਗਰਾਮ ਵਾਲੀਆਂ ਦਵਾਈਆਂ ਦੀ ਖੁੱਲ੍ਹੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਫੈਸਲੇ ਤੋਂ ਬਾਅਦ ਮੈਡੀਕਲ ਸਟੋਰ ਮਾਲਕਾਂ ਅਤੇ ਦਵਾਈ ਵਿਕਰੇਤਾਵਾਂ ਵਿੱਚ ਚੌਕਸੀ ਵਧ ਗਈ ਹੈ।

ਪ੍ਰਸ਼ਾਸਨ ਦੇ ਧਿਆਨ ਵਿੱਚ ਆਇਆ ਸੀ ਕਿ ਪ੍ਰੇਗਾਬਾਲਿਨ ਦੀ ਉੱਚ ਮਾਤਰਾ ਵਾਲੀਆਂ ਦਵਾਈਆਂ ਦਾ ਗਲਤ ਇਸਤੇਮਾਲ ਵੱਧ ਰਿਹਾ ਹੈ ਅਤੇ ਕਈ ਲੋਕ ਇਸ ਦੇ ਆਦੀ ਬਣ ਰਹੇ ਹਨ। ਇਸ ਨੂੰ ਦੇਖਦੇ ਹੋਏ ਹੁਣ ਇਸ ਦਵਾਈ ਦੀ ਵਿਕਰੀ ਅਤੇ ਸਟਾਕ ‘ਤੇ ਸਖ਼ਤ ਨਿਗਰਾਨੀ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਡਾ. ਪੱਲਵੀ ਨੇ ਦੱਸਿਆ ਕਿ ਭਾਵੇਂ ਪ੍ਰੇਗਾਬਾਲਿਨ ਨਾਰਕੋਟਿਕ ਜਾਂ ਮਨੋਵਿਗਿਆਨਕ ਪਦਾਰਥਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਹੈ, ਪਰ ਇਸ ਦੀ ਦੁਰਵਰਤੋਂ ਨੂੰ ਰੋਕਣਾ ਜ਼ਰੂਰੀ ਬਣ ਗਿਆ ਸੀ। ਹੁਣ ਇਹ ਦਵਾਈ ਸਿਰਫ਼ ਅਸਲ ਡਾਕਟਰੀ ਪਰਚੀ ਦੇ ਆਧਾਰ ‘ਤੇ ਹੀ ਵੇਚੀ ਜਾ ਸਕੇਗੀ ਅਤੇ ਹਰ ਖਰੀਦ-ਫ਼ਰੋਖ਼ਤ ਦਾ ਪੂਰਾ ਰਿਕਾਰਡ ਰੱਖਣਾ ਲਾਜ਼ਮੀ ਹੋਵੇਗਾ।

ਪ੍ਰਸ਼ਾਸਨ ਮੁਤਾਬਕ ਆਮ ਤੌਰ ‘ਤੇ ਡਾਕਟਰ ਅਤੇ ਨਿਊਰੋਲੋਜਿਸਟ ਮਰੀਜ਼ਾਂ ਨੂੰ 75 ਮਿਲੀਗਰਾਮ ਤੱਕ ਦੀ ਹੀ ਪ੍ਰੇਗਾਬਾਲਿਨ ਦਵਾਈ ਲਿਖਦੇ ਹਨ। ਇਸ ਦੇ ਬਾਵਜੂਦ 150 ਅਤੇ 300 ਮਿਲੀਗਰਾਮ ਵਾਲੀਆਂ ਗੋਲੀਆਂ ਦੀ ਵਧ ਰਹੀ ਮੰਗ ਨੇ ਚਿੰਤਾ ਪੈਦਾ ਕੀਤੀ ਸੀ।

ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਬੀਐਨਐਸਐਸ ਤਹਿਤ ਜਾਰੀ ਹੁਕਮਾਂ ਅਨੁਸਾਰ ਹੁਣ 75 ਮਿਲੀਗਰਾਮ ਤੋਂ ਵੱਧ ਪ੍ਰੇਗਾਬਾਲਿਨ ਕੈਪਸੂਲ ਜਾਂ ਟੈਬਲੇਟ ਦਾ ਸਟਾਕ ਰੱਖਣ ਅਤੇ ਵੇਚਣ ‘ਤੇ ਪੂਰੀ ਪਾਬੰਦੀ ਰਹੇਗੀ। ਇਹ ਹੁਕਮ ਥੋਕ ਵਿਕਰੇਤਾਵਾਂ, ਰਿਟੇਲ ਮੈਡੀਕਲ ਸਟੋਰਾਂ, ਕੈਮਿਸਟਾਂ ਅਤੇ ਹਸਪਤਾਲਾਂ ਦੀਆਂ ਫਾਰਮੇਸੀਆਂ ਸਮੇਤ ਸਾਰੇ ਸੰਬੰਧਤ ਲੋਕਾਂ ‘ਤੇ ਲਾਗੂ ਹੋਣਗੇ।

ਇਸ ਤੋਂ ਇਲਾਵਾ ਕੋਈ ਵੀ ਮੈਡੀਕਲ ਸਟੋਰ ਬਿਨਾਂ ਡਾਕਟਰੀ ਪਰਚੀ ਦੇ 75 ਮਿਲੀਗਰਾਮ ਤੱਕ ਦੀ ਦਵਾਈ ਵੀ ਨਹੀਂ ਵੇਚ ਸਕੇਗਾ। ਦਵਾਈ ਵਿਕਰੇਤਾਵਾਂ ਲਈ ਹਰ ਖਰੀਦ ਅਤੇ ਵਿਕਰੀ ਦਾ ਰਿਕਾਰਡ ਸੰਭਾਲਣਾ ਵੀ ਲਾਜ਼ਮੀ ਕੀਤਾ ਗਿਆ ਹੈ।

ਇਹ ਹੁਕਮ 8 ਮਈ 2026 ਤੋਂ 7 ਜੁਲਾਈ 2026 ਤੱਕ ਲਾਗੂ ਰਹਿਣਗੇ। ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਦਵਾਈਆਂ ਦੀ ਦੁਰਵਰਤੋਂ ‘ਤੇ ਰੋਕ ਲੱਗੇਗੀ ਅਤੇ ਨੌਜਵਾਨਾਂ ਨੂੰ ਨਸ਼ੇ ਦੀ ਲਤ ਤੋਂ ਬਚਾਉਣ ਵਿੱਚ ਮਦਦ ਮਿਲੇਗੀ।