ਕਿਸਾਨਾਂ ਲਈ 123.28 ਕਰੋੜ ਦਾ ਰਾਹਤ ਪੈਕੇਜ ਮਨਜ਼ੂਰ

19

Punjab 23 Apr 2026 AJ DI Awaaj

Punjab Desk :   ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਗੜ੍ਹੇਮਾਰੀ ਨਾਲ ਨੁਕਸਾਨੀਆਂ ਫਸਲਾਂ ਲਈ 123.28 ਕਰੋੜ ਰੁਪਏ ਤੋਂ ਵੱਧ ਦਾ ਰਾਹਤ ਪੈਕੇਜ ਮਨਜ਼ੂਰ ਕੀਤਾ ਗਿਆ ਹੈ।

ਮਾਲ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਗਿਰਦਾਵਰੀ ਮੁਕੰਮਲ ਹੋਣ ਦੇ ਤੁਰੰਤ ਬਾਅਦ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਤਾਂ ਜੋ ਉਹ ਵਾਢੀ ਦੇ ਸੀਜ਼ਨ ਦੌਰਾਨ ਹੋਏ ਨੁਕਸਾਨ ਤੋਂ ਜਲਦੀ ਉਭਰ ਸਕਣ।

ਇਹ ਰਾਹਤ ਪੈਕੇਜ ਸੱਤ ਜ਼ਿਲ੍ਹਿਆਂ ਦੇ 111 ਪਿੰਡਾਂ ਵਿੱਚ ਲਗਭਗ 92,695 ਏਕੜ ਰਕਬੇ ਨੂੰ ਕਵਰ ਕਰਦਾ ਹੈ। ਨੁਕਸਾਨ ਦੇ ਅਧਾਰ ’ਤੇ ਵੱਖ-ਵੱਖ ਦਰਜਿਆਂ ਵਿੱਚ ਮੁਆਵਜ਼ਾ ਦਿੱਤਾ ਜਾ ਰਿਹਾ ਹੈ, ਜਿਸ ਵਿੱਚ 26% ਤੋਂ ਲੈ ਕੇ 100% ਤੱਕ ਨੁਕਸਾਨ ਵਾਲੇ ਖੇਤਰ ਸ਼ਾਮਲ ਹਨ।

ਜ਼ਿਲ੍ਹਾ ਵਾਰ ਵੇਖਿਆ ਜਾਵੇ ਤਾਂ ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਨੂੰ ਸਭ ਤੋਂ ਵੱਧ ਰਾਹਤ ਰਕਮ ਮਿਲੀ ਹੈ, ਇਸ ਤੋਂ ਬਾਅਦ ਬਠਿੰਡਾ, ਮੋਗਾ ਅਤੇ ਅੰਮ੍ਰਿਤਸਰ ਦੇ ਕਿਸਾਨਾਂ ਨੂੰ ਵੀ ਵੱਡੀ ਮਦਦ ਦਿੱਤੀ ਗਈ ਹੈ। ਫ਼ਿਰੋਜ਼ਪੁਰ ਅਤੇ ਰੂਪਨਗਰ ਲਈ ਵੀ ਰਕਮ ਮਨਜ਼ੂਰ ਕੀਤੀ ਗਈ ਹੈ।

ਸਰਕਾਰ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਮੁਆਵਜ਼ਾ ਜਲਦੀ ਵੰਡਣ ਦੇ ਨਿਰਦੇਸ਼ ਦਿੱਤੇ ਗਏ ਹਨ, ਤਾਂ ਜੋ ਕਿਸਾਨਾਂ ਤੱਕ ਇਹ ਰਕਮ ਬਿਨਾਂ ਦੇਰੀ ਪਹੁੰਚ ਸਕੇ। ਸਰਕਾਰ ਨੇ ਦੁਹਰਾਇਆ ਕਿ ਕੁਦਰਤੀ ਆਫ਼ਤਾਂ ਦੇ ਸਮੇਂ ਕਿਸਾਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।