Punjab 26 Mar 2026 AJ DI Awaaj
Punjab Desk : ਪੰਜਾਬ ਸਰਕਾਰ ਨੇ ਆਪਣਾ ਪਹਿਲਾਂ ਲਿਆ ਫੈਸਲਾ ਵਾਪਸ ਲੈਂਦਿਆਂ ਹੁਣ ਐਲਾਨ ਕੀਤਾ ਹੈ ਕਿ ਪੰਜਾਬ ਪੁਲਸ ਦੀ ਵੈੱਬਸਾਈਟ ਤੋਂ ਐਫਆਈਆਰ (FIR) ਡਾਊਨਲੋਡ ਕਰਨ ਲਈ ਹੁਣ ਕੋਈ ਫੀਸ ਨਹੀਂ ਲੱਗੇਗੀ। ਇਸ ਸੰਬੰਧੀ ਪਹਿਲਾਂ ਜਾਰੀ ਕੀਤਾ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਗਿਆ ਹੈ ਅਤੇ ਨਵੇਂ ਹੁਕਮ ਜਾਰੀ ਕੀਤੇ ਗਏ ਹਨ।
ਪਹਿਲਾਂ ਸਰਕਾਰ ਵੱਲੋਂ ਐਫਆਈਆਰ ਦੀ ਕਾਪੀ ਡਾਊਨਲੋਡ ਕਰਨ ਲਈ 80 ਰੁਪਏ ਫੀਸ ਤੈਅ ਕੀਤੀ ਗਈ ਸੀ, ਜਿਸ ਦਾ ਵਿਰੋਧ ਹੋਇਆ ਸੀ ਅਤੇ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਵੀ ਪਹੁੰਚਿਆ। ਵਕੀਲਾਂ ਵੱਲੋਂ ਇਸ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਪਟੀਸ਼ਨ ਦਾਇਰ ਕੀਤੀ ਗਈ ਸੀ।
ਨਵੇਂ ਹੁਕਮਾਂ ਅਨੁਸਾਰ, ਹੁਣ ਨਾ ਤਾਂ ਸਾਂਝ ਪੋਰਟਲ ਤੋਂ ਐਫਆਈਆਰ ਡਾਊਨਲੋਡ ਕਰਨ ਲਈ ਕੋਈ ਰਕਮ ਲਈ ਜਾਵੇਗੀ ਅਤੇ ਨਾ ਹੀ ਸਾਂਝ ਕੇਂਦਰਾਂ ਤੋਂ ਇਸ ਦੀ ਕਾਪੀ ਪ੍ਰਾਪਤ ਕਰਨ ਲਈ ਕੋਈ ਫੀਸ ਦੇਣੀ ਪਵੇਗੀ। 80 ਰੁਪਏ ਦਾ ਸੇਵਾ ਸ਼ੁਲਕ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ।
ਹਾਲਾਂਕਿ ਸਰਕਾਰ ਵੱਲੋਂ ਇਹ ਹੁਕਮ ਤੁਰੰਤ ਲਾਗੂ ਕਰਨ ਦੀ ਗੱਲ ਕੀਤੀ ਗਈ ਹੈ, ਪਰ ਅਜੇ ਤੱਕ ਸਾਂਝ ਪੋਰਟਲ ‘ਤੇ ਭੁਗਤਾਨ ਦਾ ਵਿਕਲਪ ਦਿਖਾਈ ਦੇ ਰਿਹਾ ਹੈ। ਇਸ ਕਾਰਨ ਉਪਭੋਗਤਾਵਾਂ ਨੂੰ ਅਜੇ ਵੀ ਫੀਸ ਭਰਨੀ ਪੈ ਰਹੀ ਹੈ, ਜਿਸ ਨਾਲ ਜਮੀਨੀ ਪੱਧਰ ‘ਤੇ ਹੁਕਮ ਦੀ ਪੂਰੀ ਤਰ੍ਹਾਂ ਲਾਗੂਅੰਦੀ ਨਹੀਂ ਹੋਈ।














