ਫਰੀਦਕੋਟ, 19 ਮਾਰਚ 2026 AJ DI Awaaj
Punjab Desk : ਪੰਜਾਬ ਸਰਕਾਰ ਦੇ ਉਪਰਾਲਿਆਂ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਮੈਡਮ ਪੂਨਮਦੀਪ ਕੌਰ ਦੇ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਰੀਦਕੋਟ ਵੱਲੋਂ ਮਿਤੀ 20-03-2026 ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਪਲੇਸਮੈਂਟ ਡਰਾਈਵ ਆਯੋਜਿਤ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਗੁਰਤੇਜ ਸਿੰਘ ਨੇ ਦੱਸਿਆ ਕਿ ਇਹ ਪਲੇਸਮੈਂਟ ਡਰਾਈਵ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਨੇੜੇ ਗ੍ਰੈਂਡ ਵਿਲਾ (ਢੀਂਗਰਾ ਪੈਲੇਸ/ਪੁਰਾਣਾ ਸੰਧੂ ਪੈਲੇਸ), ਤਲਵੰਡੀ ਬਾਈਪਾਸ, ਰੈੱਡ ਕਰਾਸ ਬਿਰਧ ਆਸ਼ਰਮ ਦੀ ਪਹਿਲੀ ਮੰਜਿਲ, ਫਰੀਦਕੋਟ ਵਿਖੇ ਲੱਗੇਗੀ। ਇਸ ਡਰਾਈਵ ਦੌਰਾਨ ਵੱਖ-ਵੱਖ ਪ੍ਰਾਈਵੇਟ ਨਿਯੋਜਕਾਂ ਵੱਲੋਂ ਅਲੱਗ-ਅਲੱਗ ਆਸਾਮੀਆਂ ਲਈ ਇੰਟਰਵਿਊ ਲੈ ਕੇ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਇੱਛੁਕ ਅਤੇ ਯੋਗ ਪ੍ਰਾਰਥੀ ਆਪਣੇ ਸਾਰੇ ਅਸਲ ਸਿੱਖਿਆ ਸੰਬੰਧੀ ਦਸਤਾਵੇਜ਼, ਫੋਟੋ ਕਾਪੀਆਂ, ਆਧਾਰ ਕਾਰਡ, ਪੈਨ ਕਾਰਡ, ਜਾਤੀ ਸਰਟੀਫਿਕੇਟ, ਬੈਂਕ ਪਾਸਬੁੱਕ, ਪਾਸਪੋਰਟ ਸਾਈਜ਼ ਫੋਟੋਆਂ ਅਤੇ ਅੱਪਡੇਟ ਕੀਤਾ ਹੋਇਆ ਰੀਜਿਊਮ ਨਾਲ ਲੈ ਕੇ ਨਿਰਧਾਰਿਤ ਸਮੇਂ ਤੇ ਇੰਟਰਵਿਊ ਲਈ ਹਾਜ਼ਰ ਹੋਣ।
ਉਨ੍ਹਾਂ ਦੱਸਿਆ ਕਿ ਜਿਲ੍ਹੇ ਫਰੀਦਕੋਟ ਦੇ ਬੇਰੁਜ਼ਗਾਰ ਨੌਜਵਾਨ ਪੰਜਾਬ ਸਰਕਾਰ ਦੇ ਰੋਜ਼ਗਾਰ ਪੋਰਟਲ www.pgrkam.com ‘ਤੇ ਆਪਣੀ ਰਜਿਸਟ੍ਰੇਸ਼ਨ ਜ਼ਰੂਰ ਕਰਵਾਉਣ। ਇਸ ਤੋਂ ਇਲਾਵਾ ਪ੍ਰਾਰਥੀ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਖੁਦ ਹਾਜ਼ਰ ਹੋ ਕੇ ਵੱਖ-ਵੱਖ ਰੋਜ਼ਗਾਰ ਕੈਂਪਾਂ, ਸਵੈ-ਰੋਜ਼ਗਾਰ ਯੋਜਨਾਵਾਂ ਅਤੇ ਸਕਿੱਲ ਡਿਵੈਲਪਮੈਂਟ ਕੋਰਸਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ, ਤਾਂ ਜੋ ਉਨ੍ਹਾਂ ਨੂੰ ਸਰਕਾਰੀ ਸੇਵਾਵਾਂ ਦਾ ਸਮੇਂ ਸਿਰ ਲਾਭ ਮਿਲ ਸਕੇ।














